ਨਾਈਜੀਰੀਆ ਦੀ ਇਕ ਮਸਜਿਦ 'ਚ ਬੰਦੂਕਧਾਰੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 18 ਨਮਾਜ਼ੀਆਂ ਦੀ ਮੌਤ
Tuesday, Oct 26, 2021 - 09:39 AM (IST)
ਲਾਗੋਸ (ਭਾਸ਼ਾ)- ਉੱਤਰੀ ਨਾਈਜੀਰੀਆ ਵਿਚ ਸੋਮਵਾਰ ਨੂੰ ਸਵੇਰ ਦੀ ਨਮਾਜ਼ ਦੌਰਾਨ ਬੰਦੂਕਧਾਰੀਆਂ ਨੇ ਇਕ ਮਸਜਿਦ ਉੱਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 18 ਨਮਾਜ਼ੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਤੇ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਦੇਸ਼ ਦੇ ਨਾਈਜਰ ਦੇ ਮਾਸ਼ੇਗੁ ਸਥਾਨਕ ਸਰਕਾਰੀ ਖੇਤਰ ਦੇ ਮਜ਼ਾਕੁਕਾ ਪਿੰਡ ਵਿਚ ਹੋਇਆ। ਹਮਲਾਵਰਾਂ ਨੇ ਨਸਲੀ ਫੁਲਾਨੀ ਖਾਨਾਬਦੋਸ਼ ਚਰਵਾਹਾ ਭਾਈਚਾਰੇ ਦੇ ਹੋਣ ਦਾ ਸ਼ੱਕ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਇਸ ਸਾਲ ਹੁਣ ਤੱਕ ਇਸੇ ਤਰ੍ਹਾਂ ਦੀ ਨਸਲੀ ਹਿੰਸਾ ਵਿਚ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਾਤੀ ਹਿੰਸਾ ਦੀਆਂ ਇਹ ਘਟਨਾਵਾਂ ਦੇਸ਼ ਵਿਚ ਪਾਣੀ ਅਤੇ ਜ਼ਮੀਨੀ ਮੁੱਦਿਆਂ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦਾ ਨਤੀਜਾ ਹਨ। ਸੰਘਰਸ਼ ਦਾ ਸ਼ਿਕਾਰ ਹੋਏ ਫੁਲਾਨੀ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਸਥਾਨਕ ਹੋਸਾ ਕਿਸਾਨ ਭਾਈਚਾਰੇ ਦੇ ਲੋਕਾਂ ਵਿਰੁੱਧ ਹਥਿਆਰ ਚੁੱਕ ਲਏ ਹਨ। ਮਾਸ਼ੇਗੁ ਸਥਾਨਕ ਸਰਕਾਰ ਖੇਤਰ ਦੇ ਪ੍ਰਧਾਨ ਅਲਹਾਸਨ ਈਸਾਹ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, 'ਹਮਲਾਵਰਾਂ ਨੇ ਮਸਜਿਦ ਨੂੰ ਘੇਰ ਲਿਆ ਅਤੇ ਗੋਲੀਬਾਰੀ ਕੀਤੀ।' ਉਨ੍ਹਾਂ ਨੇ ਕਿਹਾ ਕਿ ਹਮਲੇ ਵਿਚ ਚਾਰ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਨਾਈਜਰ ਦੇ ਪੁਲਸ ਕਮਿਸ਼ਨਰ ਕੁਰਿਆਸ ਨੇ ਸੋਮਵਾਰ ਨੂੰ ਕਿਹਾ ਕਿ ਇਹ ਹਮਲਾ ਪਿੰਡ ਵਾਸੀਆਂ ਅਤੇ ਫੁਲਾਨੀ ਚਰਵਾਹੇ ਭਾਈਚਾਰੇ ਵਿਚਕਾਰ ਝੜਪ ਨਾਲ ਜੁੜਿਆ ਹੋਇਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।