ਵਿਦੇਸ਼ੀ ਸਿਆਸੀ ਚੰਦੇ ਤੇ ਅਣਪਛਾਤੇ ਇਸ਼ਤਿਹਾਰਾਂ ''ਤੇ ਪਾਬੰਦੀ ਲਾਏਗਾ ਨਿਊਜ਼ੀਲੈਂਡ

12/03/2019 2:28:08 PM

ਵੈਲਿੰਗਟਨ- ਨਿਊਜ਼ੀਲੈਂਡ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਵੱਡੇ ਵਿਦੇਸ਼ੀ ਚੰਦੇ ਲੈਣ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਚੀਨੀ ਦਖਲਅੰਦਾਜ਼ੀ ਦੇ ਡਰ ਨੂੰ ਖਤਮ ਕਰ ਚੋਣ ਮੁਹਿੰਮ ਦੇ ਇਸ਼ਤਿਹਾਰਾਂ ਵਿਚ ਪਾਰਦਰਸ਼ਤਾ ਤੈਅ ਕੀਤੀ ਜਾਵੇਗੀ।

ਈਐਫਈ ਨਿਊਜ਼ ਦੀ ਰਿਪੋਰਟ ਮੁਤਾਬਕ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਵਿਰੋਧੀ ਧਿਰਾਂ ਦਾ ਸਮਰਥਨ ਹਾਸਲ ਹੈ ਤੇ ਇਸ ਦੀ  ਪ੍ਰਕਿਰਿਆ ਜਲਦੀ ਪੂਰੀ ਹੋਣ ਦੀ ਉਮੀਦ ਹੈ। ਇਹ ਬਿੱਲ ਵਿਦੇਸ਼ੀ ਚੰਦੇ ਨੂੰ 50 ਨਿਊਜ਼ੀਲੈਂਡ ਡਾਲਰ (32.5 ਅਮਰੀਕੀ ਡਾਲਰ) ਤੱਕ ਸੀਮਿਤ ਕਰੇਗਾ। ਨਿਆਂ ਮੰਤਰੀ ਐਂਡਰਿਊ ਲਿਟਲ ਨੇ ਇਕ ਬਿਆਨ ਵਿਚ ਕਿਹਾ ਕਿਹਾ ਕਿ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਅੰਤਰਰਾਸ਼ਟਰੀ ਵਰਤਾਰਾ ਵਧ ਰਿਹਾ ਹੈ ਤੇ ਡੋਨੇਸ਼ਨ ਸਣੇ ਕਈ ਰੂਪ ਲੈ ਸਕਦਾ ਹੈ। ਨਿਊਜ਼ੀਲੈਂਡ ਇਸ ਜੋਖਮ ਤੋਂ ਮੁਕਤ ਨਹੀਂ ਹੈ। ਨਵੇਂ ਕਾਨੂੰਨ ਵਿਚ ਉਮੀਦਵਾਰਾਂ ਤੇ ਪਾਰਟੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੋਏਗੀ ਕਿ ਵਿਦੇਸ਼ਾਂ ਤੋਂ ਆਈ ਡੋਨੇਸ਼ਨ ਵਿਚ ਇਸ ਸੀਮਾ ਦਾ ਧਿਆਨ ਰੱਖਿਆ ਜਾਵੇ।

ਲਿਟਲ ਨੇ ਕਿਹਾ ਕਿ ਆਸਟਰੇਲੀਆ, ਕੈਨੇਡਾ ਤੇ ਯੂਕੇ ਵਰਗੇ ਦੇਸ਼ ਪਹਿਲਾਂ ਹੀ ਅਣਪਛਾਤੇ ਜਾਂ ਵਿਦੇਸ਼ੀ ਚੰਦੇ ਨੂੰ ਸੀਮਤ ਕਰ ਚੁੱਕੇ ਹਨ। ਮੰਤਰੀ, ਜਿਸ ਨੇ ਸਿੱਧੇ ਤੌਰ 'ਤੇ ਚੀਨ ਦਾ ਨਾਂ ਨਹੀਂ ਲਿਆ, ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦੀ ਇਕ ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਤਕਰੀਬਨ ਅੱਧੇ ਵਿਕਸਤ ਲੋਕਤੰਤਰੀ ਦੇਸ਼, ਜਿਹਨਾਂ ਨੇ ਚੋਣਾਂ ਕਰਵਾਈਆਂ ਸਨ, ਨੂੰ ਸਾਲ 2018 ਵਿਚ ਸਾਈਬਰ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦਾ ਰੁਝਾਨ ਪਿਛਲੇ ਚਾਰ ਸਾਲਾਂ ਤੋਂ ਵਧ ਰਿਹਾ ਹੈ।

ਨਵੇਂ ਕਾਨੂੰਨ ਤਹਿਤ ਇਸ਼ਤਿਹਾਰਾਂ 'ਤੇ ਪ੍ਰਕਾਸ਼ਕ ਦਾ ਨਾਮ ਤੇ ਪਤਾ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ ਤਾਂ ਜੋ ਝੂਠੀ ਜਾਂ ਅਣਪਛਾਤੀ ਜਾਣਕਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਲਿਟਲ ਨੇ ਕਿਹਾ ਕਿ ਇਸ ਦੌਰਾਨ ਲੋਕਤੰਤਰ ਵਿਚ ਦਖਲਅੰਦਾਜ਼ੀ ਭਰੇ ਅਣਪਛਾਤੇ ਆਨਲਾਈਨ ਇਸ਼ਤਿਹਾਰਾਂ 'ਤੇ ਪਾਬੰਦੀ ਹੋਵੇਗੀ। ਜੇਕਰ ਕੋਈ ਆਨਲਾਈਨ ਇਸ਼ਤਿਹਾਰ ਦੇਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਉਹ ਕੌਣ ਹਨ, ਜਿਵੇਂ ਕਿਸੇ ਅਖਬਾਰ ਵਿਚ ਇਸ਼ਤਿਹਾਰ ਪ੍ਰਕਾਸ਼ਤ ਹੁੰਦਾ ਹੈ।


Baljit Singh

Content Editor

Related News