ਅਮਰੀਕੀ ਸਰਕਾਰ ਦਾ ਸਖਤ ਫਰਮਾਨ, ਨਿਊਯਾਰਕ ਦੇ ਲੋਕਾਂ ਨੂੰ ਰੱਖਣਾ ਹੋਵੇਗਾ ਇਹਨਾਂ ਗੱਲਾਂ ਦਾ ਧਿਆਨ

Thursday, Apr 16, 2020 - 01:16 PM (IST)

ਨਿਊਯਾਰਕ- ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਂਦਰ ਨਿਊਯਾਰਕ ਸ਼ਹਿਰ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਮਹਾਮਾਰੀ ਕਾਰਣ ਦੁਨੀਆ ਦੇ ਸਭ ਤੋਂ ਪ੍ਰਭਾਵਿਚ ਅਮਰੀਕਾ ਵਿਚ ਹੁਣ ਤੱਕ 28 ਹਜ਼ਾਰ ਤੋਂ ਵਧੇਰੇ ਲੋਕ ਦਮ ਤੋੜ ਚੁੱਕੇ ਹਨ, ਜਦਕਿ ਦੇਸ਼ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 6 ਲੱਖ ਪਾਰ ਕਰ ਗਈ ਹੈ। ਇਸ ਵਿਚਾਲੇ ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਿਊਮੋ ਨੇ ਕਿਹਾ ਕਿ ਸੂਬੇ ਦੇ ਹਰ ਵਿਅਕਤੀ ਨੂੰ ਜਨਤਕ ਰੂਪ ਨਾਲ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਨਾਲ ਹੀ ਲੋਕਾਂ ਨੂੰ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਵੀ ਬਣਾ ਕੇ ਰੱਖਣੀ ਪਵੇਗੀ।

ਕਿਊਮੋ ਨੇ ਬੁੱਧਵਾਰ ਨੂੰ ਟਵੀਟ ਵਿਚ ਲਿਖਿਆ ਕਿ ਮੈਂ ਅੱਜ ਇਕ ਕਾਰਜਕਾਰੀ ਹੁਕਮ ਜਾਰੀ ਕਰ ਰਿਹਾ ਹਾਂ ਕਿ ਸਾਰੇ ਲੋਕਾਂ ਨੂੰ ਉਹਨਾਂ ਹਾਲਾਤਾਂ ਵਿਚ, ਜਿਥੇ ਸਮਾਜਿਕ ਦੂਰੀ ਮੁਮਕਿਨ ਨਹੀਂ ਹੈ, ਉਥੇ ਮਾਸਕ ਲਾਜ਼ਮੀ ਤੌਰ 'ਤੇ ਪਾਉਣਾ ਪਵੇਗਾ। ਸਿਨਹੂਆ ਨੇ ਨਿਊਯਾਰਕ ਦੇ ਗਵਰਨਰ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰ ਰਿਹਾ ਹੈ ਜਾਂ ਇਕ ਵਿਅਸਤ ਫੁੱਟਪਾਥ 'ਤੇ ਚੱਲ ਰਿਹਾ ਹੈ, ਜਿਥੇ ਸਮਾਜਿਕ ਦੂਰੀ ਬਣਾਉਣਾ ਮੁਮਕਿਨ ਨਹੀਂ ਹੈ ਤਾਂ ਉਸ ਆਪਣੇ ਚਿਹਰੇ ਨੂੰ ਮਾਸਕ ਜਾਂ ਕੱਪੜੇ ਨਾਲ ਢੱਕਣਾ ਪਵੇਗਾ। 

ਕਿਊਮੋ ਨੇ ਅੱਗੇ ਕਿਹਾ ਕਿ ਜਦੋਂ ਕਿਸੇ ਦੇ ਨੇੜੇ ਕੋਈ ਵਿਅਕਤੀ ਨਾ ਹੋਵੇ ਤਾਂ ਉਹ ਥੋੜੀ ਦੇਰ ਲਈ ਮਾਸਕ ਨੂੰ ਹਟਾ ਸਕਦਾ ਹੈ ਪਰ ਜਦੋਂ ਤੁਹਾਡੇ ਕੋਲ ਲੋਕ ਹੋਣ ਤਾਂ ਮਾਸਕ ਪਾਉਣਾ ਜ਼ਰੂਰੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਨਿਊਯਾਰਕ ਵਿਚ ਬੀਤੀ ਇਕ ਰਾਤ ਵਿਚ 752 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਣ ਹੋਈ ਹੈ। ਬੁੱਧਵਾਰ ਦੁਪਹਿਰ ਤੱਕ ਮਰਨ ਵਾਲਿਆਂ ਦੀ ਗਿਣਤੀ 11,500 ਤੋਂ ਵਧੇਰੇ ਹੋ ਗਈ ਹੈ। ਸੂਬੇ ਦੇ ਗਵਰਨਰ ਨੇ ਕਿਹਾ ਕਿ ਇਸ ਅੰਕੜੇ ਵਿਚ 3700 ਤੋਂ ਵਧੇਰੇ ਅਜਿਹੇ ਲੋਕ ਸ਼ਾਮਲ ਹਨ, ਜਿਹਨਾਂ ਦੀ ਕਦੇ ਜਾਂਚ ਹੀ ਨਹੀਂ ਹੋਈ।


Baljit Singh

Content Editor

Related News