ਅਮਰੀਕਾ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਗਿਰੋਹ ਦਾ ਪਰਦਾਫਾਸ਼

06/30/2022 2:23:58 PM

ਵਾਸ਼ਿੰਗਟਨ (ਬਿਊਰੋ) ਅਮਰੀਕਾ ਦੇ ਟੈਕਸਾਸ ਵਿੱਚ ਮੈਕਸੀਕੋ ਤੋਂ ਆਏ ਟਰੱਕ ਅੰਦਰੋਂ ਹੁਣ ਤੱਕ 51 ਲਾਸ਼ਾਂ ਮਿਲੀਆਂ ਹਨ। ਇਹ ਲੋਕ ਗੈਰ-ਕਾਨੂੰਨੀ ਢੰਗ ਨਾਲ ਟਰੱਕਾਂ ਵਿੱਚ ਭਰ ਕੇ ਲਿਆਏ ਗਏ ਸਨ। ਇਸ ਭਿਆਨਕ ਘਟਨਾ ਕਾਰਨ ਸ਼ਰਨਾਰਥੀਆਂ ਦਾ ਮੁੱਦਾ ਫਿਰ ਭੱਖ ਗਿਆ ਹੈ। ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਹਾਲ ਦੇ ਸਾਲਾਂ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੇ ਮਾਮਲੇ ਵਿੱਚ ਭਾਰਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ।ਹਾਲ ਹੀ ਵਿੱਚ ਇੱਕ ਅਮਰੀਕੀ ਸੰਘੀ ਏਜੰਸੀ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਕੈਨੇਡੀਅਨ ਸਰਹੱਦ ਤੋਂ ਭਾਰਤੀਆਂ ਦੇ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦਿੰਦਾ ਸੀ। ਗਿਰੋਹ ਦੇ ਸਰਗਨਾ ਜਸਪਾਲ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕੈਲੀਫੋਰਨੀਆ ਤੋਂ ਇਸ ਨੈੱਟਵਰਕ ਨੂੰ ਚਲਾਉਂਦਾ ਸੀ।

ਕੈਬ ਜ਼ਰੀਏ ਪਹੁੰਚਾਇਆ ਅਮਰੀਕਾ
ਜਾਂਚ ਵਿਚ ਸ਼ਾਮਲ ਇੱਕ ਸੰਘੀ ਏਜੰਟ ਨੇ ਦੱਸਿਆ ਕਿ ਇਸ ਗਿਰੋਹ ਨੇ ਹਜ਼ਾਰਾਂ ਭਾਰਤੀਆਂ ਨੂੰ ਉਬੇਰ ਕੈਬ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਇਆ। ਗਿੱਲ ਨੇ ਹਰੇਕ ਵਿਅਕਤੀ ਕੋਲੋਂ 23 ਤੋਂ 55 ਲੱਖ ਰੁਪਏ ਵਸੂਲ ਕੀਤੇ। ਇਨ੍ਹਾਂ ਲੋਕਾਂ ਨੂੰ ਟੂਰਿਸਟ ਵੀਜ਼ੇ 'ਤੇ ਕੈਨੇਡਾ ਲਿਆਂਦਾ ਜਾਂਦਾ ਹੈ, ਇੱਥੋਂ ਇਨ੍ਹਾਂ ਨੂੰ ਫਰਜ਼ੀ ਦਸਤਾਵੇਜ਼ਾਂ 'ਤੇ ਉਬੇਰ ਕੈਬ ਰਾਹੀਂ ਅਮਰੀਕਾ ਲਿਆਂਦਾ ਜਾਂਦਾ ਹੈ।ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਚ ਭਾਰਤੀ ਤੀਜਾ ਵੱਡਾ ਹਿੱਸਾ ਹਨ। ਅਮਰੀਕਾ ਵਿਚ ਰਹਿ ਰਹੇ ਇਕ ਕਰੋੜ ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ 6 ਲੱਖ ਭਾਰਤੀ ਹਨ। ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਫੜੇ ਗਏ ਲੋਕਾਂ ਵਿਚ 2007 ਵਿਚ 76 ਭਾਰਤੀ, 2019 ਵਿਚ 7,600 ਭਾਰਤੀ ਅਤੇ 2021 ਵਿਚ 2,600 ਭਾਰਤੀ ਫੜੇ ਗਏ ਸਨ। ਇਸ ਸਾਲ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵਿਚ 40 ਫੀਸਦੀ ਭਾਰਤੀ, 80 ਫੀਸਦੀ ਚੀਨ ਦੇ ਅਤੇ 99 ਫੀਸਦੀ ਫਿਲੀਪੀਨ ਦੇ ਨਾਗਰਿਕ ਫੜੇ ਗਏ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ 'ਅੱਤਵਾਦ ਦੇ ਖਤਰੇ' ਕਾਰਨ ਯੂਕੇ ਲਈ ਯਾਤਰਾ ਸਲਾਹ ਨੂੰ ਕੀਤਾ ਅੱਪਗ੍ਰੇਡ 

ਲੋਕਾਂ ਕੋਲ ਜਾਅਲੀ ਦਸਤਾਵੇਜ਼
ਹੋਮਲੈਂਡ ਸਿਕਓਰਿਟੀ ਏਜੰਟ ਡੇਵਿਡ ਏ. ਸਪਿਟਜ਼ਰ ਨੇ ਦੱਸਿਆ ਕਿ -ਉਬੇਰ ਜ਼ਰੀਏ ਏਸ਼ੀਆ, ਖਾਸ ਕਰਕੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ। ਕਾਨੂੰਨੀ ਪੇਚੀਦਗੀਆਂ ਨਾਲ ਨਜਿੱਠਣ ਲਈ ਅਕਸਰ ਉਨ੍ਹਾਂ ਕੋਲ ਜਾਅਲੀ ਦਸਤਾਵੇਜ਼ ਹੁੰਦੇ ਹਨ। ਗਿੱਲ ਗੈਂਗ ਦੇ 17 ਉਬੇਰ ਖਾਤੇ ਮਿਲੇ ਹਨ। ਉਸਨੇ ਇੱਕ ਖਾਤੇ ਨਾਲ 90 ਯਾਤਰਾਵਾਂ ਕੀਤੀਆਂ ਹਨ। ਇਸ ਗਰੋਹ ਨੇ ਲਗਭਗ 1,530 ਚੱਕਰ ਲਗਾਏ ਅਤੇ ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ ਅੰਦਰ ਲਿਆਂਦਾ।

ਆਪਣੀ ਜਾਨ ਜੋਖਮ ਵਿਚ ਪਾ ਰਹੇ ਭਾਰਤੀ
ਭਾਰਤੀ ਅਮਰੀਕਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਨ। ਇਸ ਸਾਲ 21 ਜਨਵਰੀ ਨੂੰ ਅਮਰੀਕਾ ਤੋਂ ਸਿਰਫ਼ 30 ਫੁੱਟ ਦੂਰ ਕੈਨੇਡਾ ਵਿੱਚ ਇੱਕ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਫ਼ ਵਿੱਚ ਦੱਬੀਆਂ ਮਿਲੀਆਂ ਸਨ। ਪਰਿਵਾਰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਪਰਵਾਸ ਕਰਨਾ ਚਾਹੁੰਦਾ ਸੀ ਅਤੇ ਬਰਫ ਦੇ ਤੋਦੇ ਦੀ ਮਾਰ ਹੇਠ ਆ ਗਿਆ।ਇਸੇ ਤਰ੍ਹਾਂ ਪਿਛਲੇ ਦਿਨੀਂ ਅਮਰੀਕੀ ਸਰਹੱਦ 'ਤੇ ਗਸ਼ਤੀ ਟੀਮ ਨੇ ਡੁੱਬਦੀ ਕਿਸ਼ਤੀ 'ਚੋਂ 6 ਭਾਰਤੀਆਂ ਨੂੰ ਬਚਾਇਆ ਸੀ। ਉਨ੍ਹਾਂ ਖ਼ਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ 19 : ਕੈਨੇਡਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦੀ ਉਪਾਵਾਂ ਦਾ ਕੀਤਾ ਵਿਸਥਾਰ

ਘੁਸਪੈਠ ਦਾ ਨਵਾਂ ਗੇਟਵੇ ਕੈਨੇਡਾ
ਕਸਟਮ ਟੈਕਸ ਅਤੇ ਬਾਰਡਰ ਪ੍ਰੋਟੈਕਸ਼ਨ ਸਕੁਐਡ ਨੇ ਅਪ੍ਰੈਲ 'ਚ ਕੈਨੇਡਾ ਤੋਂ ਗੈਰ-ਕਾਨੂੰਨੀ ਤੌਰ 'ਤੇ ਆਉਣ ਵਾਲੇ 1,197 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਣਤੀ ਇਸ ਰੂਟ 'ਤੇ ਫੜੇ ਗਏ ਕੁੱਲ ਲੋਕਾਂ ਦਾ 13% ਹੈ। ਕੈਨੇਡਾ ਅਮਰੀਕਾ ਵਿਚ ਗੈਰ-ਕਾਨੂੰਨੀ ਪਰਵਾਸ ਦਾ ਨਵਾਂ ਗੇਟਵੇ ਬਣ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਰਸਤੇ ਤੋਂ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਵਿੱਚ 25-30% ਭਾਰਤੀ ਹਨ।ਦਰਅਸਲ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸਖ਼ਤ ਨਿਗਰਾਨੀ ਤੋਂ ਬਾਅਦ ਲੋਕ ਉੱਤਰੀ ਸਰਹੱਦ ਵੱਲ ਖਿੱਚੇ ਗਏ ਹਨ। ਇਸ ਸਾਲ ਗੈਰ-ਕਾਨੂੰਨੀ ਢੰਗ ਨਾਲ ਫੜੇ ਗਏ ਭਾਰਤੀਆਂ ਵਿੱਚੋਂ 40% ਕੈਨੇਡਾ ਤੋਂ ਦਾਖਲ ਹੋਏ। ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜੇ ਗਏ 80% ਚੀਨੀ ਅਤੇ 99% ਫਿਲੀਪੀਨ ਦੇ ਨਾਗਰਿਕ ਕੈਨੇਡਾ ਤੋਂ ਦਾਖਲ ਹੋਏ ਸਨ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News