ਹੁਣ ਮਰੀਜ਼ ਦਾ ਸਮਾਂ ਅਤੇ ਪੈਸਾ ਨਹੀਂ ਹੋਵੇਗਾ ਬਰਬਾਦ
Thursday, Jan 25, 2018 - 12:42 AM (IST)

ਵਾਸ਼ਿੰਗਟਨ- ਸੱਟ ਦਾ ਇਲਾਜ ਕਰਵਾਉਣ ਤੋਂ ਬਾਅਦ ਕਈ ਵਾਰ ਉਸ ਵਿਚ ਇਨਫੈਕਸ਼ਨ ਹੋਣ ਨਾਲ ਮਰੀਜ਼ ਨੂੰ ਮੁੜ ਹਸਪਤਾਲ ਵਿਚ ਦਾਖਲ ਹੋਣਾ ਪੈਂਦਾ ਹੈ, ਜਿਸ ਨਾਲ ਖਤਰਾ ਤਾਂ ਵਧਦਾ ਹੀ ਹੈ, ਨਾਲ ਹੀ ਸਮਾਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੁੰਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਮਰੀਜ਼ ਦੀ ਘਰ ਹੀ ਮਦਦ ਕਰਨ ਲਈ ਇਕ ਅਜਿਹੇ ਐਪ ਨੂੰ ਬਣਾਇਆ ਗਿਆ ਹੈ, ਜੋ ਸੱਟ ਦੀ ਨਿਗਰਾਨੀ ਤੇ ਦੇਖਭਾਲ ਕਰਨ ਵਿਚ ਮਦਦ ਕਰੇਗਾ। ਵਾਊਂਡ ਕੇਅਰ ਨਾਂ ਦੇ ਇਸ ਐਕਸਪੈਰੀਮੈਂਟਲ ਐਪ ਨੂੰ ਯੂਨੀਵਰਸਿਟੀ ਆਫ ਵਿਸਕਾਨਸਿਨ, ਮੈਡੀਸਨ ਦੇ ਵਿਗਿਆਨੀਆਂ ਨੇ ਡਿਵੈੱਲਪ ਕਰਵਾਇਆ ਹੈ। ਇਸ ਨੂੰ ਐਕਸਪੈਰੀਮੈਂਟਲ ਐਪ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਾਲੇ ਇਸ ਐਪ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਐਪ ਰਾਹੀਂ ਘਰ ਹੀ ਸੱਟ ਦੀ ਨਿਗਰਾਨੀ ਕਰਨ ਤੇ ਉਹ ਕਿੰਨੇ ਦਿਨਾਂ ਵਿਚ ਠੀਕ ਹੋਵੇਗੀ, ਦਾ ਪਤਾ ਲਾਇਆ ਜਾ ਸਕੇਗਾ।
40 ਸਰਜਰੀ ਦੇ ਮਰੀਜ਼ਾਂ 'ਤੇ ਕੀਤਾ ਗਿਆ ਟੈਸਟ
ਟੈਸਟ ਦੌਰਾਨ 40 ਵੈਸਕੁਲਰ ਸਰਜਰੀ ਦੇ ਮਰੀਜ਼ਾਂ ਨੇ ਸੱਟ ਦੀ ਫੋਟੋ ਨੂੰ ਰੋਜ਼ਾਨਾ ਇਸ ਐਪ ਰਾਹੀਂ ਸਰਵਰ 'ਤੇ ਅਪਲੋਡ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੂੰ ਐਪ 'ਤੇ ਹੀ ਸੱਟ ਦੇ ਲੱਛਣਾਂ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਦੇਣੇ ਪਏ, ਜਿਸ ਤੋਂ ਬਾਅਦ ਨਰਸਾਂ ਵਲੋਂ ਉਨ੍ਹਾਂ ਨੂੰ ਸਰਜੀਕਲ ਇਨਫੈਕਸ਼ਨਸ ਤੋਂ ਬਚਣ ਦੇ ਤਰੀਕੇ ਦੱਸੇ ਗਏ। ਇਸ ਐਪ ਰਾਹੀਂ ਨਰਸਾਂ ਨੇ ਦੋ ਹਫਤੇ ਤੱਕ ਰੋਜ਼ਾਨਾ 9.7 ਘੰਟਿਆਂ ਦੀ ਸਮਾਂ ਹੱਦ ਵਿਚ ਰੋਗੀਆਂ ਨੂੰ ਨਿਰਦੇਸ਼ ਦਿੱਤੇ।
ਬਿਨਾਂ ਟ੍ਰੇਨਿੰਗ ਦੇ ਚਲਾ ਸਕਦੇ ਹੋ ਇਹ ਐਪ
ਇਸ ਟੈਸਟ ਵਿਚ ਸ਼ਾਮਲ ਹੋਣ ਵਾਲੇ 90 ਫੀਸਦੀ ਰੋਗੀਆਂ ਨੇ ਕਿਹਾ ਕਿ ਇਸ ਐਪ ਨੂੰ ਚਲਾਉਣਾ ਕਾਫੀ ਸੌਖਾਲਾ ਹੈ। ਉਥੇ ਹੀ ਨਰਸਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ ਜ਼ਿਆਦਾ ਵਰਕਲੋਡ ਹੋਣ ਕਾਰਨ ਉਨ੍ਹਾਂ ਨੂੰ ਰੋਗੀਆਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ 'ਚ ਕਾਫੀ ਮੁਸ਼ਕਲ ਹੋਈ ਅਤੇ ਇਸ ਦੇ ਲਈ ਉਨ੍ਹਾਂ ਨੂੰ ਸਮਾਂ ਕੱਢਣਾ ਪਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਐਪ ਨੂੰ ਮੁਹੱਈਆ ਕਰਵਾਉਣ ਤੋਂ ਪਹਿਲਾਂ ਇਕ ਕੇਅਰ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ, ਜਿਸ ਵਿਚ ਨਰਸਾਂ ਇਸ ਤਰ੍ਹਾਂ ਦੇ ਰੋਗੀਆਂ ਦੇ ਇਲਾਜ ਵਿਚ ਮਦਦ ਕਰਨਗੀਆਂ ਪਰ ਇਸ ਪ੍ਰੋਗਰਾਮ ਵਿਚ ਸਮੇਂ ਦੀ ਰੁਕਾਵਟ ਨਹੀਂ ਹੋਵੇਗੀ, ਮਤਲਬ ਉਹ ਕਦੀ ਵੀ ਸਮਾਂ ਮਿਲਦੇ ਹੀ ਰੋਗੀਆਂ ਨੂੰ ਜਵਾਬ ਦੇ ਸਕਣਗੀਆਂ। ਇਸ ਅਧਿਐਨ ਦੇ ਪ੍ਰਮੁਖ ਲੇਖਕ ਡਾਕਟਰ ਰੀਬੀਕਾ ਐੱਲ ਗੰਟਰ ਨੇ ਕਿਹਾ ਕਿ ਅਸੀਂ ਇਕ ਪ੍ਰੋਟੋਕੋਲ ਤਹਿਤ ਇਸ ਐਪ ਨੂੰ ਚਲਾਵਾਂਗੇ, ਜਿਥੇ ਰੋਗੀਆਂ ਦਾ ਇਲਾਜ ਕਰਨ ਲਈ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਐਪ ਦੀ ਮਦਦ ਨਾਲ ਮਰੀਜ਼ ਦਾ ਘਰ 'ਚ ਹੀ ਇਲਾਜ ਕੀਤਾ ਜਾ ਸਕੇਗਾ ਅਤੇ ਉਸ ਨੂੰ ਹਸਪਤਾਲ ਵਿਚ ਮੁੜ ਦਾਖਲ ਕਰਵਾਉਣ ਦੀ ਲੋੜ ਨਹੀਂ ਪਵੇਗੀ। ਫਿਲਹਾਲ ਇਸ ਐਪ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।