ਸਿੰਗਾਪੁਰ ’ਚ ਭਾਰਤੀ ਮੁਸਲਿਮ ਜੋੜੇ ਨੂੰ ਮੁਫ਼ਤ ਰਮਜ਼ਾਨ ਟ੍ਰੀਟ ਦੇਣ ਤੋਂ ਕੀਤੀ ਨਾਂਹ, ਕਿਹਾ-'ਭਾਰਤ ਲਈ ਨਹੀਂ..ਚਲੇ ਜਾਓ'
Wednesday, Apr 12, 2023 - 09:21 AM (IST)
ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਇਕ ਸੁਪਰਮਾਰਕੀਟ ਚੇਨ ਨੇ ਇਕ ਭਾਰਤੀ ਮੁਸਲਿਮ ਜੋੜੇ ਨੂੰ ਰਮਜ਼ਾਨ ਦੌਰਾਨ ਰੋਜ਼ੇ ਤੋੜਨ ਵਾਲਿਆਂ ਨੂੰ ਮੁਫ਼ਤ ਰਿਫਰੈਸ਼ਮੈਂਟ ਦੀ ਪੇਸ਼ਕਸ਼ ਕਰਨ ਵਾਲੇ ਇਕ ਬੂਥ ਤੋਂ ਹਟਾਏ ਜਾਣ ਤੋਂ ਬਾਅਦ ਮੁਆਫ਼ੀ ਮੰਗੀ ਹੈ। ‘ਦਿ ਸਟ੍ਰੈਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਫਰਾਹ ਨਾਡਿਆ ਅਤੇ ਉਸ ਦਾ ਪਤੀ ਜਹਾਂਬਰ ਸ਼ਾਲੀਹ 9 ਅਪ੍ਰੈਲ ਦੀ ਸ਼ਾਮ ਕਰੀਬ 7 ਵਜੇ ਟੈਂਪੀਨਸ ਹੱਬ ਦੇ ਫੇਅਰਪ੍ਰਾਈਸ ਆਉਟਲੇਟ ’ਤੇ ਗਏ ਸਨ। ਕਰਿਆਨੇ ਦੀ ਖ਼ਰੀਦਦਾਰੀ ਕਰਦੇ ਸਮੇਂ ਇਕ ਕਰਮਚਾਰੀ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਕਿਹਾ ਕਿ ਮੁਫ਼ਤ ਟ੍ਰੀਟ ‘ਭਾਰਤ ਲਈ ਨਹੀਂ ਹੈ।’
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ
35 ਸਾਲਾ ਨਾਡਿਆ ਮਲੇਸ਼ੀਅਨ-ਭਾਰਤੀ ਹੈ ਅਤੇ ਆਪਣੀ ਖ਼ੁਦ ਦੀ ਸਿਹਤ ਸੰਭਾਲ ਕੰਪਨੀ ਚਲਾਉਂਦੀ ਹੈ, ਜਦੋਂ ਕਿ ਉਸਦਾ 36 ਸਾਲਾ ਪਤੀ ਇਕ ਭਾਰਤੀ ਹੈ ਜੋ ਤਕਨਾਲੋਜੀ ਖੇਤਰ ਵਿਚ ਕੰਮ ਕਰਦਾ ਹੈ। ਸ਼ਾਲੀਹ ਨੇ ਸਟ੍ਰੇਟਸ ਟਾਈਮਜ਼ ਨੂੰ ਦੱਸਿਆ ਕਿ ਉਹ ਇਕ ਬੂਥ ’ਤੇ ਖੜ੍ਹੇ ਹੋ ਕੇ ਮੁਫ਼ਤ ਰਿਫਰੈਸ਼ਮੈਂਟ ਬਾਰੇ ਪੜ੍ਹ ਰਿਹਾ ਸੀ, ਉਦੋਂ ਇਕ ਫੇਅਰਪ੍ਰਾਈਸ ਕਰਮਚਾਰੀ ਉਸ ਕੋਲ ਆਇਆ ਅਤੇ ਕਿਹਾ: 'ਭਾਰਤ ਲਈ ਨਹੀਂ, ਭਾਰਤ ਲਈ ਨਹੀਂ।' ਇਸ ਤੋਂ ਇਲਾਵਾ ਕਰਮਚਾਰੀ ਨੇ ਜੋੜੇ ਨੂੰ ਸਟੈਂਡ ਤੋਂ ਕੁਝ ਵੀ ਨਾ ਲੈਣ ਅਤੇ 'ਦੂਰ ਚਲੇ ਜਾਣ' ਲਈ ਕਿਹਾ। ਇੱਕ ਫੇਸਬੁੱਕ ਪੋਸਟ ਵਿੱਚ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਨਾਡਿਆ ਨੇ ਕਿਹਾ ਕਿ ਉਨ੍ਹਾਂ ਦਾ ਮੁਫ਼ਤ ਆਈਟਮਾਂ ਲੈਣ ਦਾ ਇਰਾਦਾ ਨਹੀਂ ਸੀ। ਉਹ ਅਜਿਹੀ ਪਹਿਲਕਦਮੀ ਦੀ ਸ਼ਲਾਘਾ ਕਰਨ ਲਈ ਸਟੈਂਡ 'ਤੇ ਰੁਕੇ ਸਨ। ਉਥੇ ਹੀ ਘਟਨਾ ਲਈ ਮੁਆਫੀ ਮੰਗਦੇ ਹੋਏ ਫੇਅਰਪ੍ਰਾਈਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।
ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਨਗਰ ਕੌਂਸਲ ਚੋਣਾਂ 'ਚ ਇਹ 3 ਸਿੱਖ ਚਿਹਰੇ ਅਜ਼ਮਾਉਣਗੇ ਆਪਣੀ ਕਿਸਮਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।