ਨਾਰਵੇ : ਸਮੁੰਦਰ ''ਚ ਫਸਿਆ ਜਹਾਜ਼ ਮਿਲਿਆ ਸੁਰੱਖਿਅਤ

03/25/2019 3:50:51 PM

ਓਸਲੋ, (ਏਜੰਸੀ)— ਨਾਰਵੇ ਦੇ ਤਟ ਕੋਲ ਸਮੁੰਦਰੀ ਲਹਿਰਾਂ 'ਚ ਫਸਿਆ ਕਰੂਜ਼ ਜਹਾਜ਼ ਐਤਵਾਰ ਨੂੰ ਤਟ 'ਤੇ ਪੁੱਜ ਗਿਆ। ਇਸ ਤੋਂ ਪਹਿਲਾਂ ਬਚਾਅ ਮੁਹਿੰਮ ਤਹਿਤ ਜਹਾਜ਼ 'ਚ ਫਸੇ ਸੈਂਕੜੇ ਯਾਤਰੀਆਂ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਸਥਾਨ 'ਤੇ ਲਿਆਂਦਾ ਗਿਆ ਸੀ। ਟੈਲੀਵਿਜ਼ਨ ਦੀਆਂ ਖਬਰਾਂ ਮੁਤਾਬਕ ਇਹ ਜਹਾਜ਼ ਸ਼ਾਮ ਤਕਰੀਬਨ ਸਵਾ 4 ਵਜੇ ਟਗਬੋਟਸ ਨਾਲ ਮੋਲਡੇ ਬੰਦਰਗਾਹ ਪੁੱਜਾ। 
ਵਾਈਕਿੰਗ ਸਕਾਈ ਨਾਮਕ ਜਹਾਜ਼ ਦੇ ਇੰਜਣਾਂ ਨੇ ਸ਼ਨੀਵਾਰ ਦੁਪਹਿਰ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਨਾਲ ਉਸ ਨੇ ਸੰਤੁਲਨ ਖੋਹ ਲਿਆ। ਇਸ ਦੇ ਬਾਅਦ ਕੈਪਟਨ ਨੇ ਮਦਦ ਲਈ ਐਮਰਜੈਂਸੀ ਸੰਦੇਸ਼ ਭੇਜਿਆ। ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਬਾਹਰ ਕੱਢਣ ਦੀ ਸੋਚ ਲਈ। ਐਤਵਾਰ ਸਵੇਰੇ ਤਕ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਉਸ ਦੇ 4 'ਚੋਂ 3 ਇੰਜਣ ਚਾਲੂ ਕਰਨ 'ਚ ਕਾਮਯਾਬ ਰਹੇ।
ਜਹਾਜ਼ ਹੌਲੀ-ਹੌਲੀ ਚੱਲਦੇ ਹੋਏ ਬੰਦਰਗਾਹ ਤਕ ਪੁੱਜਾ। ਪੁਲਸ ਨੇ ਦੱਸਿਆ ਕਿ ਜਹਾਜ਼ 'ਚ ਸਵਾਰ 1,373 ਲੋਕਾਂ 'ਚੋਂ 460 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕੱਢ ਲਿਆ ਗਿਆ ਹੈ। ਹਰ ਹੈਲੀਕਾਪਟਰ ਇਕ ਵਾਰ 'ਚ 15 ਤੋਂ 20 ਲੋਕਾਂ ਨੂੰ ਹੀ ਕੱਢ ਸਕਦਾ ਹੈ। ਖਬਰ ਲਿਖਣ ਤਕ ਐਮਰਜੈਂਸੀ ਸੇਵਾ ਦੇ ਬੁਲਾਰੇ ਜੇਲਡ ਨੇ ਕਿਹਾ ਕਿ ਐਤਵਾਰ ਤੜਕੇ ਤਕ ਹਵਾਈ ਮਾਰਗ ਰਾਹੀਂ ਲੋਕਾਂ ਨੂੰ ਕੱਢਣਾ ਜਾਰੀ ਸੀ। ਪੁਲਸ ਨੇ ਦੱਸਿਆ ਕਿ 17 ਲੋਕਾਂ ਨੂੰ ਹਸਪਤਾਲ ਵੀ ਲੈ ਜਾਇਆ ਗਿਆ ਹੈ।


Related News