'ਉੱਤਰੀ ਕੋਰੀਆ ਨੇ ਯੂਕਰੇਨ ਨਾਲ ਲੜਨ ਲਈ ਰੂਸ 'ਚ ਭੇਜੇ 10,000 ਫੌਜੀ'
Tuesday, Oct 29, 2024 - 05:38 AM (IST)
ਬ੍ਰਸੇਲਜ਼ : ਉੱਤਰੀ ਕੋਰੀਆ ਨੇ ਅਗਲੇ ਕੁਝ ਹਫਤਿਆਂ 'ਚ ਯੂਕਰੇਨ 'ਚ ਲੜਨ ਲਈ ਕਰੀਬ 10,000 ਫੌਜੀ ਰੂਸ ਭੇਜੇ ਹਨ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ 'ਪੈਂਟਾਗਨ' ਦੀ ਬੁਲਾਰਨ ਸਬਰੀਨਾ ਸਿੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਫੌਜੀ ਲੜਾਈ ਲਈ ਯੂਕਰੇਨ ਦੇ ਨੇੜੇ ਪਹੁੰਚ ਚੁੱਕੇ ਹਨ।
ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਰੂਸ ਇਨ੍ਹਾਂ ਫੌਜਾਂ ਨੂੰ ਲੜਾਈ ਵਿਚ ਵਰਤਣਾ ਚਾਹੁੰਦਾ ਹੈ ਜਾਂ ਰੂਸ ਦੇ ਕੁਰਸਕ ਖੇਤਰ ਵਿਚ ਯੂਕਰੇਨੀ ਬਲਾਂ ਦੇ ਵਿਰੁੱਧ ਲੜਾਕੂ ਕਾਰਵਾਈਆਂ ਵਿਚ ਸਹਾਇਤਾ ਕਰਨਾ ਚਾਹੁੰਦਾ ਹੈ। ਸਿੰਘ ਨੇ ਕਿਹਾ ਕਿ ਰੱਖਿਆ ਮੰਤਰੀ ਲੋਇਡ ਔਸਟਿਨ ਪਹਿਲਾਂ ਹੀ ਜਨਤਕ ਤੌਰ 'ਤੇ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਉੱਤਰੀ ਕੋਰੀਆਈ ਫੌਜਾਂ ਦੀ ਵਰਤੋਂ ਜੰਗ ਵਿਚ ਕੀਤੀ ਜਾਂਦੀ ਹੈ ਤਾਂ ਉਹ ਇੱਕ ਯੁੱਧ ਕਰਨ ਵਾਲੀ ਧਿਰ ਮੰਨੇ ਜਾਣਗੇ, ਜਿਸਦਾ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ 'ਤੇ ਵੀ ਗੰਭੀਰ ਪ੍ਰਭਾਵ ਪਵੇਗਾ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਕੁਝ ਸੈਨਿਕਾਂ ਨੂੰ ਪਹਿਲਾਂ ਹੀ ਰੂਸ ਦੇ ਕੁਰਸਕ ਸਰਹੱਦੀ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਰੂਸ ਯੂਕਰੇਨੀ ਸੈਨਿਕਾਂ ਨੂੰ ਪਿੱਛੇ ਧੱਕਣ ਲਈ ਸੰਘਰਸ਼ ਕਰ ਰਿਹਾ ਹੈ।