UN ਦੀ ਰਿਪੋਰਟ ''ਚ ਖੁਲਾਸਾ, ਉੱਤਰੀ ਕੋਰੀਆ ਨੇ ਮੁੜ ਬਣਾਇਆ ਪਰਮਾਣੂ ਬੰਬ
Wednesday, Sep 30, 2020 - 06:21 PM (IST)
ਪਿਓਂਗਯਾਂਗ (ਬਿਊਰੋ): ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਉੱਤਰੀ ਕੋਰੀਆ ਬਹੁਤ ਤੇਜ਼ੀ ਨਾਲ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ 'ਤੇ ਕੰਮ ਕਰ ਰਿਹਾ ਹੈ। ਰਿਪੋਰਟ ਦੇ ਮੁਤਾਬਕ, ਉੱਤਰੀ ਕੋਰੀਆ ਨੇ ਇਕ ਹੋਰ ਪਰਮਾਣੂ ਹਥਿਆਰ ਵੀ ਤਿਆਰ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਉੱਤਰੀ ਕੋਰੀਆ ਨਵੀਆਂ ਮਿਜ਼ਾਈਲਾਂ ਬਣਾਉਣ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਡੇਲੀ ਮੇਲ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉੱਤਰੀ ਕੋਰੀਆ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਬੇਅਸਰ ਹੋ ਗਈਆਂ ਹਨ। ਕਿਮ ਜੋਂਗ ਉਨ ਤੇਜ਼ੀ ਨਾਲ ਆਪਣੇ ਮਿਸ਼ਨ ਨੂੰ ਪੂਰਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਸਿਕਓਰਿਟੀ ਕੌਂਸਲ ਵੱਲੋਂ ਨਿਯੁਕਤ ਕੀਤੇ ਗਏ ਨਿਗਰਾਨੀ ਮਾਹਰਾਂ ਨੇ ਨਵੀਂ ਰਿਪੋਰਟ ਤਿਆਰ ਕੀਤੀ ਹੈ। ਮਾਹਰਾਂ ਦੇ ਮੁਤਾਬਕ, ਬੈਨ ਦੇ ਬਾਵਜੂਦ ਕਿਮ ਜੋਂਗ ਉਨ ਦੀ ਸਰਕਾਰ ਪਾਬੰਦੀਸ਼ੁਦਾ ਵਸਤਾਂ ਦੀ ਖਰੀਦ-ਵਿਕਰੀ ਕਰਨ ਵਿਚ ਸਫਲ ਰਹੀ ਹੈ। ਇਸ ਦੇ ਲਈ ਉੱਤਰੀ ਕੋਰੀਆ ਨੇ ਨਵੇਂ ਰਸਤਿਆਂ ਦੀ ਤਲਾਸ਼ ਕੀਤੀ ਹੈ।
ਮੰਗਲਵਾਰ ਨੂੰ ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਕੇ.ਸੀ.ਐੱਨ.ਏ. ਨੇ ਕਿਮ ਜੋਂਗ ਉਨ ਦੀਆਂ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਉਹਨਾਂ ਨੂੰ ਵਰਕਰਜ਼ ਪਾਰਟੀ ਆਫ ਕੋਰੀਆ ਦੀ ਮੀਟਿੰਗ ਵਿਚ ਹਿੱਸਾ ਲੈਂਦੇ ਦਿਖਾਇਆ ਸੀ। ਦੀ ਟਾਈਮਜ਼ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸਮਝਿਆ ਜਾ ਰਿਹਾ ਹੈ ਕਿ ਛੋਟੇ ਆਕਾਰ ਦਾ ਪਰਮਾਣੂ ਬੰਬ ਬਣਾ ਕੇ ਉੱਤਰੀ ਕੋਰੀਆ ਨੇ ਵੱਡੀ ਸਫਲਤਾ ਹਾਸਲ ਕਰ ਲਈ ਹੈ। ਕਿਉਂਕਿ ਇਸ ਨੂੰ ਬੈਲਿਸਟਿਕ ਮਿਜ਼ਾਈਲ ਦੇ ਉੱਪਰ ਫਿਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 2017 ਵਿਚ ਉੱਤਰੀ ਕੋਰੀਆ ਬੈਲਿਸਟਿਕ ਮਿਜ਼ਾਈਲ ਦਾ ਸਫਲ ਪਰੀਖਣ ਕਰ ਚੁੱਕਾ ਹੈ ਜੋ ਅਮਰੀਕਾ ਤੱਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ।
ਉੱਤਰੀ ਕੋਰੀਆ 2006 ਤੋਂ ਹੀ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਆਂ ਸਾਹਮਣਾ ਕਰ ਰਿਹਾ ਹੈ। ਪਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਸ਼ੁਰੂ ਕਰਨ ਮਗਰੋਂ ਹੀ ਉਸ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਭਾਵੇਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਸ਼ਾਸਕ ਕਿਮ ਜੋਂਗ ਉਨ 2018 ਤੋਂ ਹੁਣ ਤੱਕ ਤਿੰਨ ਵਾਰੀ ਮਿਲ ਚੁੱਕੇ ਹਨ ਪਰ ਉੱਤਰੀ ਕੋਰੀਆ ਪਰਮਾਣੂ ਹਥਿਆਰ ਛੱਡਣ ਨੂੰ ਤਿਆਰ ਨਹੀਂ ਹੈ।