ਤਾਨਾਸ਼ਾਹ ਕਿਮ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ ਦਿੱਤੀ ਧਮਕੀ

06/14/2020 6:04:42 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਗਤੀਰੋਧ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਚ ਉੱਤਰੀ ਕੋਰੀਆ ਨੇ ਇਕ ਵਾਰ ਫਿਰ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ। ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਅਸਲ ਵਿਚ ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਦੇ ਵਿਰੁੱਧ ਮਿਲਟਰੀ ਕਾਰਵਾਈ ਦੀ ਧਮਕੀ ਇਸ ਲਈ ਦਿੱਤੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਿਓਲ ਦੋ-ਪੱਖੀ ਸੰਬੰਧਾਂ ਵਿਚ ਗਿਰਾਵਟ ਦਾ ਕਾਰਨ ਬਣ ਰਿਹਾ ਹੈ। ਇਸ ਦੇ ਨਾਲ ਹੀ ਉਹ ਸੀਮਾ 'ਤੇ ਉੱਤਰੀ ਕੋਰੀਆ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿਚ ਅਸਮਰੱਥ ਸਾਬਤ ਹੋ ਰਿਹਾ ਹੈ।

ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਦੁਸ਼ਮਣ ਦੱਸਦੇ ਹੋਏ ਕਿਹਾ ਕਿ ਉਹ ਸਿਓਲ ਸੀਮਾ 'ਤੇ ਬੇਕਾਰ ਹੋ ਚੁੱਕੇ ਲਾਈਜਨ ਆਫਿਸ ਨੂੰ ਢਹਿ-ਢੇਰੀ ਹੁੰਦੇ ਦੇਖੇਗਾ। ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਦੀ ਪਹਿਲੀ ਵਾਈਸ ਡਿਪਾਰਟਮੈਂਟ ਡਾਇਰੈਕਟਰ ਕਿਮ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਵਿਰੁੱਧ ਅਗਲੀ ਕਾਰਵਾਈ ਦਾ ਫੈਸਲਾ ਮਿਲਟਰੀ ਪ੍ਰਮੁੱਖਾਂ 'ਤੇ ਛੱਡ ਦਿੱਤਾ ਗਿਆ ਹੈ।ਕਿਮ ਯੋ ਜੋਂਗ ਨੇ ਕਿਹਾ,''ਸੁਪਰੀਮ ਲੀਡਰ, ਆਪਣੀ ਪਾਰਟੀ ਅਤੇ ਦੇਸ਼ ਵੱਲੋਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈਂ ਹਥਿਆਰਾਂ ਦੇ ਵਿਭਾਗ ਦੇ ਇੰਚਾਰਜ ਨੂੰ ਇਹ ਨਿਰਦੇਸ਼ ਦਿੰਦੀ ਹਾਂ ਕਿ ਉਹ ਅਗਲੀ ਕਾਰਵਾਈ ਦੇ ਰੂਪ ਵਿਚ ਦੁਸ਼ਮਣ ਦੇ ਵਿਰੁੱਧ ਜ਼ੋਰਦਾਰ ਕਾਰਵਾਈ ਕਰਨ।'' 

ਏ.ਪੀ. ਦੀ ਇਕ ਰਿਪੋਰਟ ਮੁਤਾਬਕ ਕਿਮ ਯੋ ਜੋਂਗ ਨੇ ਕਿਹਾ ਹੈ ਕਿ ਸਾਡੇ ਸਰਬ ਉੱਚ ਨੇਤਾ ਤੋਂ ਮਿਲੇ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਂ ਮਿਲਟਰੀ ਪ੍ਰਮੁੱਖਾਂ ਨੂੰ ਦੁਸ਼ਮਣ ਦੇ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਉਦੋਂ ਧਮਕੀ ਦਿੱਤੀ ਸੀ ਜਦੋਂ ਹਾਲ ਹੀ ਵਿਚ ਦੋਹਾਂ ਦੇਸ਼ਾਂ ਦੀਆਂ ਸੀਮਾਵਾਂ 'ਤੇ ਉੱਤਰੀ ਕੋਰੀਆ ਵਿਰੋਧੀ ਪਰਚੇ ਫਹਿਰਾਏ ਗਏ ਸਨ। ਇਸ ਦੌਰਾਨ ਉੱਤਰੀ ਕੋਰੀਆ ਦੇ ਵਿਰੋਧ ਵਿਚ ਗੈਸ ਦੇ ਭਰੇ ਗੁਬਾਰੇ ਵੀ ਉਡਾਏ ਗਏ, ਜਿਹਨਾਂ 'ਤੇ ਕਿਮ ਜੋਂਗ ਦੇ ਬਾਰੇ ਵਿਚ ਟਿੱਪਣੀਆਂ ਕੀਤੀਆਂ ਗਈਆਂ। ਇਸ ਦੇ ਬਾਅਦ ਉੱਤਰੀ ਕੋਰੀਆ ਭੜਕ ਪਿਆ ਸੀ।

ਉਸ ਦੌਰਾਨ ਵੀ ਕਿਮ ਯੋ ਜੋਂਗ ਵੇ ਇਹ ਵੀ ਕਿਹਾ ਕਿ 2018 ਵਿਚ ਹੋਇਆ ਮਿਲਟਰੀ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ ਅਤੇ ਸੀਮਾ ਸਥਿਤ ਸੰਪਰਕ ਦਫਤਰ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਕਿਮ ਯੋ ਜੋਂਗ ਨੇ ਧਮਕੀ ਦਿੱਤੀ ਸੀ ਕਿ ਦੱਖਣੀ ਕੋਰੀਆ ਬਾਰ-ਬਾਰ ਬਹਾਨੇ ਬਣਾਉਂਦਾ ਰਹਿੰਦਾ ਹੈ ਅਤੇ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਕਾਬੂ ਨਹੀਂ ਪਾਇਆ ਗਿਆਂ ਤਾ ਭਾਰੀ ਕੀਮਤ ਚੁਕਾਉਣੀ ਹੋਵੇਗੀ। ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੇ ਨਾਲ ਲੱਗਦੀ ਦੱਖਣੀ ਕੋਰੀਆ ਦੀ ਸੀਮਾ 'ਤੇ ਕਈ ਵਾਰੀ ਗੁਬਾਰੇ ਉਡਾਏ ਜਾਂਦੇ ਹਨ। ਇਹਨਾਂ ਗੁਬਾਰਿਆਂ ਦੇ ਮਾਧਿਅਮ ਨਾਲ ਤਾਨਾਸ਼ਾਹ ਕਿਮ ਜੋਂਗ ਉਨ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਬਾਰੇ ਵਿਚ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਇਹਨਾਂ ਵੱਲੋਂ ਕਈ ਵਾਰੀ ਕਿਮ ਜੋਂਗ ਉਨ ਦੇ ਪਰਮਾਣੂ ਪ੍ਰੋਗਰਾਮਾਂ ਦਾ ਵੀ ਵਿਰੋਧ ਹੋ ਚੁੱਕਾ ਹੈ। 

ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਭੈਣ ਯੋ ਜੋਂਗ ਨੂੰ ਦੇਸ਼ ਵਿਚ ਦੂਜਾ ਸਭ ਤੋਂ ਮਹੱਤਵਪੂਰਣ ਚਿਹਰਾ ਮੰਨਿਆ ਜਾਂਦਾ ਹੈ। ਉਹ ਕਈ ਵਾਰ ਦੇਸ਼ ਤੋਂ ਬਾਹਰ ਵੀ ਉੱਤਰੀ ਕੋਰੀਆ ਦੀ ਨੁਮਾਇੰਦਗੀ ਕਰ ਚੁੱਕੀ ਹੈ। ਕਿਮ ਯੋ ਜੋਂਗ ਦੀ ਧਮਕੀ ਨਾਲ ਦੱਖਣੀ ਕੋਰੀਆ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਉਸ ਨੇ ਸੁਰੱਖਿਆ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਹੈ। 


Vandana

Content Editor

Related News