ਉੱਤਰੀ ਕੈਰੋਲੀਨਾ ਦੇ ਨਾਈਟ ਕਲੱਬ ''ਚ ਗੋਲੀਬਾਰੀ, 2 ਪੁਲਸ ਅਧਿਕਾਰੀਆਂ ਸਣੇ 6 ਜ਼ਖਮੀ
Friday, Nov 13, 2020 - 10:16 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਉੱਤਰੀ ਕੈਰੋਲੀਨਾ ਦੇ ਗੈਸਟੋਨੀਆ ਵਿਚ ਵੀਰਵਾਰ ਦੇਰ ਰਾਤ ਹੋਈ ਗੋਲੀਬਾਰੀ ਵਿਚ ਦੋ ਪੁਲਸ ਅਧਿਕਾਰੀਆਂ ਸਣੇ ਛੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਪੁਲਸ ਅਨੁਸਾਰ ਸ਼ੁੱਕਰਵਾਰ ਨੂੰ ਦੋ ਅਧਿਕਾਰੀ ਚਾਰਲੋਟ ਤੋਂ ਲਗਭਗ 30 ਮਿੰਟ ਪੱਛਮ ਵੱਲ ਰੈਮੇਡੀਜ਼ ਨਾਈਟ ਕਲੱਬ ਵਿਚ ਡਿਊਟੀ 'ਤੇ ਸਨ ਅਤੇ 11 ਵਜੇ ਦੇ ਕਰੀਬ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਦੋਹਾਂ ਅਧਿਕਾਰੀਆਂ ਨੂੰ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਦੋਵਾਂ ਨੇ ਦਖ਼ਲ ਦੇ ਕੇ ਇਸ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਗੋਲੀਬਾਰੀ ਹੋ ਗਈ ਅਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ, ਇਸ ਦੇ ਨਾਲ ਹੀ ਚਾਰ ਹੋਰ ਜ਼ਖ਼ਮੀ ਵਿਅਕਤੀਆਂ ਦਾ ਨੇੜਲੇ ਹਸਪਤਾਲ ਵਿਚ ਇਲਾਜ ਕੀਤਾ ਗਿਆ।
ਇਸ ਗੋਲੀਬਾਰੀ ਤੋਂ ਬਾਅਦ ਦੋ ਸ਼ੱਕੀ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਅਲੋਨਜ਼ੋ ਲੇਵਿਸ ਹੈਮਿਲਟਨ ਅਤੇ ਐਲਨ ਸਲੈਟਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਇਨ੍ਹਾਂ ਦੋਵਾਂ ਉੱਤੇ ਜਾਨੋਂ ਮਾਰਨ ਦੇ ਇਰਾਦੇ ਨਾਲ ਜਾਨਲੇਵਾ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਹੈ।