ਫਰਾਂਸ ’ਚ ਨਵੇਂ ਵਾਇਰਸ ਕਾਨੂੰਨ ਨੂੰ ਮਿਲੀ ਮਨਜ਼ੂਰੀ, ਬਿਨਾਂ ਟੀਕਾਕਰਨ ਦੇ ਨਹੀਂ ਮਿਲੇਗੀ ਇਨ੍ਹਾਂ ਜਗ੍ਹਾਵਾਂ ’ਤੇ ਐਂਟਰੀ
Monday, Jan 17, 2022 - 08:31 PM (IST)
ਪੈਰਿਸ (ਭਾਸ਼ਾ)- ਫਰਾਂਸ ਦੀ ਸੰਸਦ ਨੇ ਐਤਵਾਰ ਨੂੰ ਇਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ’ਤੇ ਰੈਸਟੋਰੈਂਟਾਂ, ਖੇਡ ਸਟੇਡੀਅਮਾਂ ਅਤੇ ਹੋਰ ਹੀ ਅਜਿਹੇ ਸਥਾਨਾਂ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਹੋਵੇਗੀ। ਅਜਿਹਾ ਬਹੁਤ ਜ਼ਿਆਦਾ ਛੂਤਕਾਰੀ ਓਮੀਕਰੋਨ ਵੇਰੀਐਂਟ ਕਾਰਨ ਰਿਕਾਰਡ ਸੰਖਿਆ ਵਿਚ ਦਰਜ ਕੀਤੇ ਜਾ ਰਹੇ ਸੰਕ੍ਰਮਣ ਦੇ ਮਾਮਲਿਆਂ ਦਰਮਿਆਨ ਹਸਪਤਾਲਾਂ ਨੂੰ ਸੁਰੱਖਿਅਤ ਰੱਖਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਹੈ। ਨੈਸ਼ਨਲ ਅਸੈਂਬਲੀ ਨੇ ਬਿੱਲ ਦੇ ਹੱਕ ਵਿਚ 215 ਵੋਟਾਂ ਪਾ ਕੇ ਕਾਨੂੰਨ ਨੂੰ ਸਵੀਕਾਰ ਕੀਤਾ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੇ ਨਿਰਮਾਣ ਲਈ ਅਰਬਪਤੀਆਂ ’ਤੇ ਲੱਗ ਸਕਦੈ ਟੈਕਸ, Oxfam ਨੇ ਦਿੱਤਾ ਵੱਡਾ ਤਰਕ
ਮੱਧਵਾਦੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬਿੱਲ ਨੂੰ ਜਲਦੀ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੱਜੇ-ਪੱਖੀ ਅਤੇ ਖੱਬੇ-ਪੱਖੀ ਸੰਸਦ ਮੈਂਬਰਾਂ ਦੇ ਵਿਰੋਧ ਅਤੇ ਸੈਂਕੜੇ ਪ੍ਰਸਤਾਵਿਤ ਸੋਧਾਂ ਕਾਰਨ ਇਸ ਵਿਚ ਥੋੜ੍ਹੀ ਦੇਰੀ ਹੋਈ। ਫਰਾਂਸ ਦੇ 91 ਫ਼ੀਸਦੀ ਬਾਲਗਾਂ ਦਾ ਪਹਿਲਾਂ ਹੀ ਟੀਕਾਕਰਨ ਪੂਰਾ ਹੋ ਚੁੱਕਾ ਹੈ ਅਤੇ ਕੁਝ ਆਲੋਚਕਾਂ ਨੇ ਸਵਾਲ ਕੀਤਾ ਹੈ ਕਿ ਕੀ ‘ਵੈਕਸੀਨ ਪਾਸ’ ਬਹੁਤ ਜ਼ਿਆਦਾ ਫਰਕ ਲਿਆਵੇਗਾ। ਮੈਕਰੋਨ ਦੀ ਸਰਕਾਰ ਉਮੀਦ ਕਰ ਰਹੀ ਹੈ ਕਿ ਨਵੀਂ ਪਾਸ ਪ੍ਰਣਾਲੀ ਤਾਲਾਬੰਦੀ ਲਗਾਏ ਬਿਨਾਂ ਦੇਸ਼ ਭਰ ਵਿਚ ਪਹਿਲਾਂ ਹੀ ਬੋਝ ਹੇਠਾਂ ਦੱਬੇ ਹਸਪਤਾਲਾਂ ਨੂੰ ਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਾਫ਼ੀ ਹੋਵੇਗੀ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।