ਪਾਕਿ ਤੇ ਚੀਨ ਨੂੰ ਝਟਕਾ, ਕਸ਼ਮੀਰ 'ਤੇ ਯੂ,ਐੱਨ.ਐੱਸ.ਸੀ. ਦੀ ਬੈਠਕ ਬੇਨਤੀਜਾ
Saturday, Aug 17, 2019 - 05:55 PM (IST)

ਸੰਯੁਕਤ ਰਾਸ਼ਟਰ— ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਬੰਦ ਕਮਰੇ ਦੀ ਬੈਠਕ ਬੇਨਤੀਜਾ ਜਾਂ ਬਿਨਾਂ ਕਿਸੇ ਬਿਆਨ ਦੇ ਖਤਮ ਹੋ ਜਾਣ ਨਾਲ ਇਸ ਵਿਸ਼ੇ ਦਾ ਅੰਤਰਰਾਸ਼ਟਰੀਕਰਨ ਕਰਨ 'ਚ ਲੱਗੇ ਪਾਕਿਸਤਾਨ 'ਤੇ ਉਸ ਦੇ ਸਹਿਯੋਗੀ ਦੇਸ਼ ਚੀਨ ਨੂੰ ਝਟਕਾ ਲੱਗਿਆ ਹੈ। ਗਲੋਬਲ ਸੰਸਥਾ ਦੀ 15 ਦੇਸ਼ਾਂ ਦੀ ਮੈਂਬਰਤਾ ਵਾਲੀ ਪ੍ਰੀਸ਼ਦ 'ਚ ਜ਼ਿਆਦਾਤਰ ਦੇਸ਼ਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੋ-ਪੱਖੀ ਮਾਮਲਾ ਹੈ।
ਚੀਨ ਦੀ ਅਪੀਲ 'ਤੇ ਸ਼ੁੱਕਰਵਾਰ ਨੂੰ ਬੁਲਾਈ ਗਈ ਇਹ ਰਸਮੀ ਬੈਠਕ ਕਰੀਬ ਇਕ ਘੰਟਾ ਚੱਲੀ। ਉਸ ਤੋਂ ਬਾਅਦ ਸੰਯੁਕਤ ਰਾਸ਼ਟਰ 'ਚ ਚੀਨ ਦੇ ਰਾਜਦੂਰ ਝਾਂਗ ਜੁਨ ਤੇ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਇਕ-ਇਕ ਕਰਕੇ ਟਿੱਪਣੀ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਵਲੋਂ ਕੋਈ ਸਵਾਲ ਨਹੀਂ ਲਿਆ। ਬੈਠਕ 'ਚ ਹੋਈ ਚਰਚਾ ਬਾਰੇ ਸੂਤਰਾਂ ਨੇ ਕਿਹਾ ਕਿ ਚੀਨ ਕਿਸੇ ਨਤੀਜੇ ਦੇ ਲਈ ਜਾਂ ਪੋਲੈਂਡ ਵਲੋਂ ਕੋਈ ਬਿਆਨ ਜਾਰੀ ਕਰਨ 'ਤੇ ਜ਼ੋਰ ਦੇ ਰਿਹਾ ਸੀ। ਬ੍ਰਿਟੇਨ ਨੇ ਵੀ ਬਿਆਨ ਦੀ ਮੰਗ 'ਤੇ ਚੀਨ ਦਾ ਸਾਥ ਦਿੱਤਾ। ਪੋਲੈਂਡ ਅਗਸਤ ਮਹੀਨੇ ਲਈ ਸੁਰੱਖਿਆ ਪ੍ਰੀਸਦ ਦਾ ਪ੍ਰਧਾਨ ਹੈ। ਸੂਤਰਾਂ ਮੁਤਾਬਕ ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰਾਂ 'ਚ ਜ਼ਿਆਦਾਤਰ ਦਾ ਕਹਿਣਾ ਸੀ ਕਿ ਇਸ ਚਰਚਾ ਤੋਂ ਬਾਅਦ ਕੋਈ ਬਿਆਨ ਜਾਂ ਨਤੀਜਾ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ।
ਇਸ ਤੋਂ ਬਾਅਦ ਚੀਨ ਬੈਠਕ ਤੋਂ ਬਾਹਰ ਆ ਗਿਆ ਤੇ ਉਸ ਨੇ ਬਤੌਰ ਇਕ ਦੇਸ਼ ਬਿਆਨ ਦਿੱਤਾ। ਬੈਠਕ ਤੋਂ ਬਾਅਦ ਯੂ.ਐੱਨ.ਐੱਸ.ਸੀ. ਨੇ ਕਿਹਾ ਕਿ ਪਾਕਿਸਤਾਨ ਵਲੋਂ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ 'ਚ ਚੁੱਕੇ ਜਾਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਵਾਰ ਵੀ ਉਸ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਸੀ। ਕੋਈ ਨਤੀਜਾ ਨਹੀਂ ਨਿਕਲਿਆ, ਸਲਾਹ ਤੋਂ ਬਾਅਦ ਪੋਲੈਂਡ ਨੇ ਕੋਈ ਬਿਆਨ ਨਹੀਂ ਦਿੱਤਾ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਸੈਈਦ ਅਕਬਰੂਦੀਨ ਨੇ ਮੀਡੀਆ ਨੂੰ ਕਿਹਾ ਕਿ ਜੇਕਰ ਰਾਸ਼ਟਰੀ ਬਿਆਨਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਛਾ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਹ ਵੀ ਭਾਰਤ ਦਾ ਰਾਸ਼ਟਰੀ ਪੱਖ ਸਾਹਮਣੇ ਰੱਖਣਗੇ।