5ਵੀਂ ਕਲਾਸ ਤੱਕ ਨਹੀਂ ਹੋਵੇਗੀ ਕੋਈ ਪ੍ਰੀਖਿਆ, ਸਕੂਲਾਂ ਦੇ ਵੀ ਬਦਲੇ ਜਾਣਗੇ ਨਾਂ ! PM ਬਾਲੇਨ ਸ਼ਾਹ ਨੇ ਕਰ''ਤਾ ਐਲਾਨ
Sunday, Mar 29, 2026 - 02:42 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਅਹੁਦਾ ਸੰਭਾਲਦਿਆਂ ਹੀ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਨ ਲਈ ਇਤਿਹਾਸਕ ਫੈਸਲੇ ਲਏ ਹਨ। 27 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਅਜਿਹੇ ਬਦਲਾਅ ਕੀਤੇ ਹਨ, ਜਿਨ੍ਹਾਂ ਦੀ ਚਰਚਾ ਪੂਰੇ ਦੱਖਣੀ ਏਸ਼ੀਆ ਵਿੱਚ ਹੋ ਰਹੀ ਹੈ।
ਪ੍ਰਧਾਨ ਮੰਤਰੀ ਦੇ ਫ਼ੈਸਲੇ ਅਨੁਸਾਰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ/ਯੂਨੀਵਰਸਿਟੀਆਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਵਿਦਿਆਰਥੀ ਸੰਗਠਨ ਦੀਆਂ ਗਤੀਵਿਧੀਆਂ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਵਿਦਿਅਕ ਅਦਾਰਿਆਂ ਨੂੰ ਹੁਣ ਸਿਰਫ਼ "ਸਿੱਖਿਆ ਕੇਂਦਰ" ਵਜੋਂ ਵਿਕਸਿਤ ਕੀਤਾ ਜਾਵੇਗਾ। ਨੇਪਾਲੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ, ਉਨ੍ਹਾਂ ਸਾਰੇ ਸਕੂਲਾਂ ਨੂੰ ਨਾਂ ਬਦਲਣ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਦੇ ਨਾਮ ਵਿਦੇਸ਼ੀ ਮਿਥਿਹਾਸ ਜਾਂ ਪੱਛਮੀ ਦੇਸ਼ਾਂ 'ਤੇ ਅਧਾਰਿਤ ਹਨ। ਹੁਣ ਸਕੂਲਾਂ ਦੇ ਨਾਮ ਮੌਲਿਕ ਨੇਪਾਲੀ ਪਛਾਣ 'ਤੇ ਹੋਣਗੇ।
ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ
ਕਲਾਸ 5 ਤੱਕ ਦੀਆਂ ਪ੍ਰੀਖਿਆਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਬੱਚਿਆਂ ਦੇ ਮਾਨਸਿਕ ਵਿਕਾਸ ਲਈ ਹੁਣ ਉਨ੍ਹਾਂ ਦਾ ਮੁਲਾਂਕਣ ਗ੍ਰੇਡਿੰਗ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਅਧਾਰ 'ਤੇ ਹੋਵੇਗਾ। ਕੋਈ ਵੀ ਸਰਕਾਰੀ ਅਧਿਆਪਕ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਬਣ ਸਕੇਗਾ। ਜੇਕਰ ਕੋਈ ਅਧਿਆਪਕ ਸਿਆਸੀ ਪ੍ਰਚਾਰ ਵਿੱਚ ਸ਼ਾਮਲ ਪਾਇਆ ਗਿਆ, ਤਾਂ ਉਸ ਦੀ ਨੌਕਰੀ ਤੁਰੰਤ ਖ਼ਤਮ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਹੂਲਤ ਲਈ ਹੁਣ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਲਈ ਨਾਗਰਿਕਤਾ ਦੇ ਸਰਟੀਫਿਕੇਟ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ, ਤਾਂ ਜੋ ਕਾਗਜ਼ੀ ਕਾਰਵਾਈ ਵਿੱਚ ਕਿਸੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਪ੍ਰਧਾਨ ਮੰਤਰੀ ਬਾਲੇਨ ਸ਼ਾਹ, ਜੋ ਕਿ ਇੱਕ ਸਿਵਲ ਇੰਜੀਨੀਅਰ ਅਤੇ ਮਸ਼ਹੂਰ ਰੈਪਰ ਵੀ ਰਹੇ ਹਨ, ਨੇ ਕਿਹਾ, "ਸਾਡੇ ਬੱਚੇ ਕੱਲ੍ਹ ਦਾ ਭਵਿੱਖ ਹਨ, ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਵਰਕਰ ਬਣਾਉਣ ਦੀ ਬਜਾਏ ਹੁਨਰਮੰਦ ਨਾਗਰਿਕ ਬਣਾਉਣਾ ਸਾਡੀ ਪਹਿਲ ਹੈ। ਨੇਪਾਲ ਦੀ ਸਿੱਖਿਆ ਵਿਸ਼ਵ ਪੱਧਰੀ ਹੋਵੇਗੀ।"
ਬਾਲੇਨ ਸ਼ਾਹ ਦੀ ਪਾਰਟੀ ਰਾਸ਼ਟਰੀ ਸੁਤੰਤਰ ਪਾਰਟੀ (RSP) ਨੇ 5 ਮਾਰਚ, 2026 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਨੇਪਾਲ ਦੇ ਨੌਜਵਾਨਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਪੁਰਾਣੇ ਸਿਆਸੀ ਢਾਂਚੇ ਵਿਰੁੱਧ ਕੀਤੇ ਗਏ 'Gen Z' ਅੰਦੋਲਨ ਦਾ ਨਤੀਜਾ ਮੰਨੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
