ਕੋਈ ਸਬੂਤ ਨਹੀਂ ਕਿ ਠੀਕ ਹੋਏ ਮਰੀਜ਼ਾਂ ਨੂੰ ਮੁੜ ਸੰਕਰਮਣ ਨਹੀਂ ਹੋ ਸਕਦਾ : WHO
Saturday, Apr 25, 2020 - 05:57 PM (IST)

ਜਨੇਵਾ— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਸ਼ਨੀਵਾਰ ਨੂੰ ਕਿਹਾ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕੋਵਿਡ-19 ਤੋਂ ਠੀਕ ਹੋਏ ਅਤੇ ਐਂਟੀਬਾਡੀਜ਼ ਵਾਲੇ ਲੋਕ ਦੁਬਾਰਾ ਕੋਰੋਨਾ ਵਾਇਰਸ ਸੰਕਰਮਣ ਹੋਣ ਤੋਂ ਸੁਰੱਖਿਅਤ ਹਨ। ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ 'ਇਮਿਊਨਿਟੀ ਪਾਸਪੋਰਟ'”ਜਾਂ“'ਰਿਸਕ ਫ੍ਰੀ ਸਰਟੀਫਿਕੇਟ'”ਜਾਰੀ ਕਰਨ ਨਾਲ ਸੰਕ੍ਰਮਿਤ ਹੋਏ ਲੋਕਾਂ ਦੀ ਗਰੰਟੀ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਇਸ ਤੋਂ ਉਭਰ ਗਏ ਹਨ। ਡਬਲਿਊ. ਐੱਚ. ਓ. ਨੇ ਕਿਹਾ ਕਿ ਇਹ ਕੋਸ਼ਿਸ਼ ਜੋਖਮਾਂ ਨੂੰ ਵਧਾ ਸਕਦੀ ਹੈ ਕਿਉਂਕਿ ਜੋ ਲੋਕ ਠੀਕ ਹੋਏ ਹਨ ਉਹ ਵਾਇਰਸ ਖਿਲਾਫ ਉੱਚ ਸਾਵਧਾਨੀ ਵਰਤਣ 'ਚ ਅਣਗਹਿਲੀ ਕਰ ਸਕਦੇ ਹਨ।
ਡਬਲਿਊ. ਐੱਚ. ਓ. ਨੇ ਕਿਹਾ ਕਿ ਉਸ ਨੇ ਇਹ ਹਦਾਇਤ ਇਸ ਲਈ ਜਾਰੀ ਕੀਤੀ ਹੈ ਕਿ ਕਿਉਂਕਿ ਕੁਝ ਸਰਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ 'ਚ ਕੋਰੋਨਾ ਵਾਇਰਸ ਦੇ ਐਂਟੀਬਾਡੀ ਹਨ ਉਨ੍ਹਾਂ ਨੂੰ ਇਮਿਊਨਿਟੀ ਪਾਸਪੋਰਟ”ਜਾਂ“ਰਿਸਕ ਫ੍ਰੀ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ, ਜਿਸ ਆਧਾਰ 'ਤੇ ਉਨ੍ਹਾਂ ਨੂੰ ਯਾਤਰਾ ਕਰਨ ਜਾਂ ਕੰਮ 'ਤੇ ਵਾਪਸ ਜਾਣ ਦੀ ਇਜ਼ਾਜਤ ਹੋਵੇਗੀ। ਇਹ ਮੰਨਦੇ ਹੋਏ ਕਿ ਉਹ ਦੁਬਾਰਾ ਇਨਫੈਕਸ਼ਨ ਤੋਂ ਸੁਰੱਖਿਅਤ ਹਨ। ਡਬਲਿਊ. ਐੱਚ. ਓ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਸਰਟੀਫਿਕੇਟ ਜਾਰੀ ਕੀਤੇ ਗਏ ਲੋਕ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਤੇ ਬਿਮਾਰੀ ਫੈਲਣ ਦੇ ਜੋਖਮ ਨੂੰ ਹੋਰ ਵਧਾ ਸਕਦੇ ਹਨ।
ਪਿਛਲੇ ਹਫਤੇ ਚਿਲੀ ਨੇ ਕਿਹਾ ਸੀ ਕਿ ਉਹ ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਸਿਹਤ ਪਾਸਪੋਰਟ ਸੌਂਪਣਾ ਸ਼ੁਰੂ ਕਰੇਗਾ ਅਤੇ ਜੇਕਰ ਇਕ ਵਾਰ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ 'ਚ ਵਾਇਰਸ ਖਿਲਾਫ ਇਮਿਊਨਿਟੀ ਬਣ ਗਈ ਹੈ ਤਾਂ ਉਨ੍ਹਾਂ ਨੂੰ ਤੁਰੰਤ ਕੰਮਕਾਰਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਪ੍ਰਤੀ ਐਂਟੀਬਾਡੀ ਪ੍ਰਤੀਕਿਰਿਆਵਾਂ ਦੇ ਸਬੂਤਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਇਸ ਨੂੰ ਜਾਰੀ ਰੱਖੇਗਾ। ਡਬਲਿਊ. ਐੱਚ. ਓ. ਨੇ ਕਿਹਾ ਕਿ ਜ਼ਿਆਦਾਤਰ ਅਧਿਐਨਾਂ 'ਚ ਦੇਖਣ ਨੂੰ ਮਿਲਿਆ ਹੈ ਕਿ ਜੋ ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ 'ਚ ਵਾਇਰਸ ਦੇ ਐਂਟੀਬਾਡੀਜ਼ ਹੁੰਦੇ ਹਨ। ਇਸ ਗੱਲ ਦਾ ਹੁਣ ਤੱਕ ਕੋਈ ਸਬੂਤ ਨਹੀਂ ਹੈ ਕਿ ਜੋ ਠੀਕ ਹੋਏ ਹਨ ਉਨ੍ਹਾਂ ਨੂੰ ਦੁਬਾਰਾ ਬਿਮਾਰੀ ਨਹੀਂ ਹੋ ਸਕਦੀ।