ਆਸਟ੍ਰੇਲੀਆ ''ਚ ਆਤਿਸ਼ਬਾਜ਼ੀ ਨਾਲ 3 ਬੱਚਿਆਂ ਸਮੇਤ 9 ਲੋਕ ਜ਼ਖ਼ਮੀ
Monday, Dec 12, 2022 - 02:11 PM (IST)

ਸਿਡਨੀ (ਵਾਰਤਾ)- ਆਸਟ੍ਰੇਲੀਆ ਦੇ ਸਿਡਨੀ ਵਿਚ ਕ੍ਰਿਸਮਿਸ ਕੈਰੋਲਸ ਸਮਾਗਮ ਵਿਚ ਹੋਈ ਆਤਿਸ਼ਬਾਜ਼ੀ ਵਿਚ 3 ਬੱਚਿਆਂ ਸਮੇਤ ਘੱਟੋ-ਘੱਟ 9 ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਦੇ ਅਨੁਸਾਰ ਐਤਵਾਰ ਰਾਤ ਨੂੰ ਲਗਭਗ 9.30 ਵਜੇ ਸਿਡਨੀ ਦੇ ਉੱਤਰੀ ਸਮੁੰਦਰ ਤੱਟ ਖੇਤਰ ਵਿਚ ਅਲਾਮਬੀ ਹਾਈਟਸ ਓਵਲ ਵਿਚ ਆਯੋਜਿਤ ਇਸ ਸਮਾਗਮ ਵਿਚ ਪੈਦਾ ਹੋਈ ਇਸ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਆਤਿਸ਼ਬਾਜ਼ੀ ਦੌਰਾਨ ਪਟਾਕੇ ਭੀੜ ਵਿੱਚ ਚਲਾਏ ਗਏ। ਇਸ ਘਟਨਾ ਵਿੱਚ ਇੱਕ 11 ਸਾਲਾ ਲੜਕੇ ਨੂੰ ਝੁਲਸਣ ਅਤੇ ਛਾਤੀ 'ਤੇ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਇੱਕ 8 ਸਾਲਾ ਲੜਕੀ ਅਤੇ ਇੱਕ 12 ਸਾਲਾ ਲੜਕੇ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਆਤਿਸ਼ਬਾਜ਼ੀ ਕਾਰਨ 6 ਹੋਰ ਲੋਕਾਂ ਦਾ ਮਾਮੂਲੀ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਇਲਾਜ ਕੀਤਾ ਗਿਆ।