ਪਾਕਿਸਤਾਨ ’ਚ ਗੋਲੀਬਾਰੀ ਦੌਰਾਨ 9 ਲੋਕਾਂ ਦੀ ਮੌਤ, 6 ਜ਼ਖ਼ਮੀ
Tuesday, Sep 21, 2021 - 04:08 PM (IST)
ਪੇਸ਼ਾਵਰ (ਭਾਸ਼ਾ) : ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਇਕ ਜਿਰਗਾ ਬੈਠਕ ਦੌਰਾਨ ਦੋ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਸਥਾਨਕ ਕੌਂਸਲ ਦੇ 2 ਮੈਂਬਰਾਂ ਸਮੇਤ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜਿਰਗਾ ਬੈਠਕ ਪਿੰਡ ਦੇ ਬਜ਼ੁਰਗਾਂ ਦੀ ਇਕ ਰਵਾਇਤੀ ਸਭਾ ਹੁੰਦੀ ਹੈ, ਜੋ ਪਸ਼ਤੂਨਵਾਲੀ ਦੀਆਂ ਸਿੱਖਿਆਵਾਂ ਦੇ ਆਧਾਰ ’ਤੇ ਵਿਵਾਦਾਂ ਨੂੰ ਹੱਲ ਕਰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਉਪਰੀ ਦੀਰ ਜ਼ਿਲ੍ਹੇ ਦੇ ਵੇਰਾਵਲ ਬੰਦਗਈ ਪਿੰਡ ਵਿਚ ਇਹ ਬੈਠਕ ਆਯੋਜਿਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸੜਕ ਦੇ ਨਿਰਮਾਣ ਅਤੇ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ।
ਇਹ ਵੀ ਪੜ੍ਹੋ:ਸੰਸਦੀ ਚੋਣਾਂ ’ਚ ਤੀਜੀ ਵਾਰ ਜਿੱਤ ਮਗਰੋਂ ਜਸਟਿਨ ਟਰੂਡੋ ਨੇ ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’
ਅਧਿਕਾਰੀਆਂ ਨੇ ਕਿਹਾ ਕਿ ਅਮੀਰ ਬੱਚਾ ਅਤੇ ਬਖਤ ਆਲਮ ਦੇ ਪਰਿਵਾਰਾਂ ਦੀ ਅਗਵਾਈ ਵਾਲੇ ਦੋ ਸਮੂਹਾਂ ਵਿਚਾਲੇ ਬਹਿਸਬਾਜ਼ੀ ਦੇ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਇਸ ਵਿਚ 1 ਪਰਿਵਾਰ ਦੇ 7 ਲੋਕ ਅਤੇ ਜਿਰਗਾ ਦੇ 2 ਮੈਂਬਰਾਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਸ਼ੀ ਦੌੜ ਗਏ ਹਨ ਅਤੇ ਮ੍ਰਿਤਕਾਂ ਦੇ ਲਾਸ਼ਾਂ ਦੀਰ ਖਾਸੀ ਦੇ ਜ਼ਿਲ੍ਹਾ ਹੈਡਕੁਆਰਟਰ ਹਸਪਤਾਲ ਵਿਚ ਲਿਜਾਈਆਂ ਗਈਆਂ ਹਨ ਅਤੇ ਜ਼ਖ਼ਮੀਆਂ ਨੂੰ ਵੀ ਇਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ: ਜਾਪਾਨ ਦੀਆਂ 2 ਜੁੜਵਾ ਭੈਣਾਂ ਨੇ ਬਣਾਇਆ ਸਭ ਤੋਂ ਜ਼ਿਆਦਾ ਉਮਰ ਤੱਕ ਜ਼ਿਊਂਦਾ ਰਹਿਣ ਦਾ ਵਰਲਡ ਰਿਕਾਰਡ
ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਬਹੁਤ ਗੁੱਸਾ ਹੈ। ਉਨ੍ਹਾਂ ਨੇ ਪੁਲਸ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੀਆਂ ਬੰਦੂਕਾਂ ਜ਼ਬਤ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਵਿਵਾਦਾਂ ਨੂੰ ਹੱਲ ਕਰਨ ਲਈ ਜਿਰਗਾ ਬੈਠਕਾਂ ਆਯੋਜਿਤ ਹੁੰਦੀਆਂ ਹਨ ਅਤੇ ਕਈ ਵਾਰ ਇਨ੍ਹਾਂ ਵਿਚ ਹਿੰਸਾ ਦੀਆਂ ਘਟਨਾਵਾਂ ਵੀ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਅੱਧੀ ਦਰਜਨ ਘਟਨਾਵਾਂ ਸਿਰਫ਼ ਇਸ ਸਾਲ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।