ਨਾਈਜੀਰੀਆ ਦੇ ਨੋਬਲ ਜੇਤੂ ਲੇਖਕ ਵੋਲੇ ਸੋਇੰਕਾ ਦਾ US ਵੀਜ਼ਾ ਰੱਦ

Thursday, Oct 30, 2025 - 02:36 AM (IST)

ਨਾਈਜੀਰੀਆ ਦੇ ਨੋਬਲ ਜੇਤੂ ਲੇਖਕ ਵੋਲੇ ਸੋਇੰਕਾ ਦਾ US ਵੀਜ਼ਾ ਰੱਦ

ਇੰਟਰਨੈਸ਼ਨਲ ਡੈਸਕ —  ਨਾਈਜੀਰੀਆ ਦੇ ਨੋਬਲ ਜੇਤੂ ਲੇਖਕ ਵੋਲੇ ਸੋਇੰਕਾ ਦਾ ਅਮਰੀਕਾ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਲਨਾ ਯੂਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਨਾਲ ਕਰਨ ਤੋਂ ਬਾਅਦ ਕੀਤੀ ਗਈ ਹੈ।

ਸੋਇੰਕਾ ਨੇ ਮੰਗਲਵਾਰ ਨੂੰ ਇਕ ਪੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਇਸ ਫੈਸਲੇ ਤੋਂ ਬਹੁਤ ਖੁਸ਼ ਹੈ। ਉਸ ਨੇ ਅਮਰੀਕੀ ਦੂਤਘਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਸ ਦੀ ਅਮਰੀਕਾ ਵਾਪਸ ਜਾਣ ਦੀ ਕੋਈ ਇੱਛਾ ਨਹੀਂ ਹੈ। ਟਰੰਪ ਦੇ ਆਪਣੀ ਪਹਿਲੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਸੋਇੰਕਾ ਨੇ 2016 ਵਿਚ ਆਪਣਾ ਗ੍ਰੀਨ ਕਾਰਡ ਵੀ ਪਾੜ ਦਿੱਤਾ ਸੀ।

ਅਮਰੀਕੀ ਦੂਤਘਰ ਨੇ ਇਕ ਪੱਤਰ ਭੇਜਿਆ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਦਾ ਵੀਜ਼ਾ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ। ਸੋਇੰਕਾ ਨੇ ਪੱਤਰ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਅਤੇ ਹੱਸਦਿਆਂ ਕਿਹਾ, ‘ਇਹ ਦੂਤਘਰ ਵੱਲੋਂ ਇਕ ਅਜੀਬ ਪ੍ਰੇਮ ਪੱਤਰ ਹੈ।’

ਉਸ ਨੇ ਕਿਹਾ, ‘ਮੈਰੇ ’ਤੇ ਅਮਰੀਕਾ ਵੱਲੋਂ ਪਾਬੰਦੀ ਲਗਾਈ ਗਈ ਹੈ। ਜੋ ਕੋਈ ਵੀ ਮੈਨੂੰ ਉੱਥੇ ਬੁਲਾਉਣਾ ਚਾਹੁੰਦਾ ਹੈ, ਆਪਣਾ ਸਮਾਂ ਬਰਬਾਦ ਨਾ ਕਰੇ।’ ਸੋਇੰਕਾ ਨੇ ਕਿਹਾ ਕਿ ਜੇਕਰ ਹਾਲਾਤ ਬਦਲ ਜਾਂਦੇ ਹਨ ਤਾਂ ਉਹ ਅਮਰੀਕਾ ਜਾਣ ਬਾਰੇ ਵਿਚਾਰ ਕਰੇਗਾ ਪਰ ਪਹਿਲ ਨਹੀਂ ਕਰੇਗਾ। ਉਸ ਨੇ ਕਿਹਾ, ‘ਮੈਨੂੰ ਉੱਥੇ ਕੁਝ ਨਹੀਂ ਚਾਹੀਦਾ।’


author

Inder Prajapati

Content Editor

Related News