ਨਿਊਜ਼ੀਲੈਂਡ ਚੋਣ ਨਤੀਜਿਆਂ 'ਚ ਨੈਸ਼ਨਲ ਪਾਰਟੀ ਦੇ ਦੋਵੇਂ ਪੰਜਾਬੀ ਉਮੀਦਵਾਰ ਪੱਛੜੇ
Saturday, Oct 17, 2020 - 02:19 PM (IST)
ਆਕਲੈਂਡ- ਨਿਊਜ਼ੀਲੈਂਡ ਚੋਣਾਂ ਵਿਚ ਨੈਸ਼ਨਲ ਪਾਰਟੀ ਦੇ ਦੋਵੇਂ ਪੰਜਾਬੀ ਉਮੀਦਵਾਰ ਬਖਸ਼ੀ ਤੇ ਪਰਮਾਰ ਵੋਟਾਂ ਦੀ ਗਿਣਤੀ ਵਿਚ ਕਾਫੀ ਪੱਛੜ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਕਿਸਮਤ ਦਾਅ 'ਤੇ ਲੱਗਦੀ ਦਿਸ ਰਹੀ ਹੈ।
ਹੁਣ ਤੱਕ ਇਕ ਤਿਹਾਈ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਕੰਵਲਜੀਤ ਬਖਸ਼ੀ ਨੂੰ 12.5 ਫੀਸਦੀ ਅਤੇ ਡਾ. ਪਰਮਜੀਤ ਪਰਮਾਰ ਨੂੰ 27 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਇਹ ਦੋਵੇਂ ਨੈਸ਼ਨਲ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਰੇ ਸਨ ਅਤੇ ਇਨ੍ਹਾਂ ਦੇ ਵਿਰੋਧੀ ਉਮੀਦਵਾਰ ਜੋ ਲੇਬਰ ਪਾਰਟੀ ਤੋਂ ਹਨ, ਕਾਫੀ ਅੱਗੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਬਖਸ਼ੀ 2008 ਵਿਚ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਅਤੇ ਇਸ ਵਾਰ ਫਿਰ ਉਹ ਆਪਣੀ ਕਿਸਮਤ ਅਜਮਾ ਰਹੇ ਹਨ। ਉੱਥੇ ਹੀ ਡਾ. ਪਰਮਜੀਤ ਪਰਮਾਰ 2014 ਵਿਚ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਐੱਮ. ਪੀ. ਚੁਣੇ ਗਏ ਸਨ।
ਕੰਵਲਜੀਤ ਸਿੰਘ ਬਖਸ਼ੀ ਨਿਊਜ਼ੀਲੈਂਡ ਨੈਸ਼ਨਲ ਪਾਰਟੀ ਵਲੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਦਾ ਜਨਮ ਦਿੱਲੀ 'ਚ ਹੋਇਆ ਪਰ ਉਹ ਕਾਫੀ ਸਮਾਂ ਜਲੰਧਰ 'ਚ ਵੀ ਰਹੇ। ਉਹ 2001 'ਚ ਨਿਊਜ਼ੀਲੈਂਡ ਗਏ ਸਨ ਅਤੇ 2008 'ਚ ਉਨ੍ਹਾਂ ਨੂੰ ਪਹਿਲਾ ਸਿੱਖ ਐੱਮ. ਪੀ. ਬਣਨ ਦਾ ਸਬੱਬ ਮਿਲਿਆ ਸੀ।