ਰੂਸ 'ਤੇ ਪਾਬੰਦੀਆਂ ਲਗਾਉਣ ਲਈ ਨਵਾਂ ਕਾਨੂੰਨ ਬਣਾਏਗਾ ਨਿਊਜ਼ੀਲੈਂਡ
Monday, Mar 07, 2022 - 05:06 PM (IST)
ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜੋ ਦੇਸ਼ ਨੂੰ ਯੂਕ੍ਰੇਨ 'ਤੇ ਹਮਲਾ ਕਰਨ ਵਾਲੇ ਰੂਸ ਖ਼ਿਲਾਫ਼ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦੇਵੇਗਾ। ਨਿਊਜ਼ੀਲੈਂਡ ਦੇ ਮੌਜੂਦਾ ਕਾਨੂੰਨ ਇਸ ਨੂੰ ਸਾਰਥਕ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਨਹੀਂ ਦਿੰਦੇ ਹਨ, ਜਦੋਂ ਤੱਕ ਕਿ ਉਹ ਸੰਯੁਕਤ ਰਾਸ਼ਟਰ ਦੇ ਵਿਆਪਕ ਯਤਨਾਂ ਦਾ ਹਿੱਸਾ ਨਹੀਂ ਹਨ। ਉੱਥੇ ਸੰਯੁਕਤ ਰਾਸ਼ਟਰ ਦੇ ਵਿਆਪਕ ਯਤਨ ਅਜੇ ਤੱਕ ਸਾਕਾਰ ਨਹੀਂ ਹੋ ਪਾ ਰਹੇ, ਕਿਉਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਰੂਸ ਕੋਲ 'ਵੀਟੋ' ਸ਼ਕਤੀ ਹੈ। ਇਸ ਕਾਰਨ ਨਿਊਜ਼ੀਲੈਂਡ ਹੁਣ ਤੱਕ ਰੂਸ ਖ਼ਿਲਾਫ਼ ਸਿਰਫ ਸੀਮਤ ਕਾਰਵਾਈ ਹੀ ਕਰ ਸਕਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਾਨਸਨ ਨੇ ਵਿਸ਼ਵ ਨੇਤਾਵਾਂ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਵਿਰੁੱਧ ਗੱਠਜੋੜ ਬਣਾਉਣ ਲਈ ਦਿੱਤਾ ਸੱਦਾ
ਅਰਡਰਨ ਨੇ ਕਿਹਾ ਕਿ ਨਵਾਂ ਕਾਨੂੰਨ ਰੂਸ ਵਿੱਚ ਹਮਲੇ ਨਾਲ ਜੁੜੇ ਵਿਅਕਤੀਆਂ, ਕੰਪਨੀਆਂ ਅਤੇ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਦੇਵੇਗਾ, ਜਿਸ ਵਿੱਚ ਕੁਲੀਨ ਵਰਗ ਵੀ ਸ਼ਾਮਲ ਹਨ। ਇਹ ਨਿਊਜ਼ੀਲੈਂਡ ਨੂੰ ਸੰਪਤੀਆਂ ਨੂੰ ਫ੍ਰੀਜ਼ ਕਰਨ ਅਤੇ ਵੱਡੀਆਂ ਕਿਸ਼ਤੀਆਂ ਜਾਂ ਜਹਾਜ਼ਾਂ ਨੂੰ ਆਉਣ ਤੋਂ ਰੋਕਣ ਦੀ ਇਜਾਜ਼ਤ ਦੇਵੇਗਾ। ਅਰਡਰਨ ਨੇ ਕਿਹਾ ਕਿ ਇਸ ਸਬੰਧ ਵਿਚ ਕਦੇ ਵੀ ਸਾਡੀ ਸੰਸਦ ਵਿਚ ਕੋਈ ਬਿੱਲ ਨਹੀਂ ਲਿਆਂਦਾ ਗਿਆ ਪਰ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿਉਂਕਿ ਸੰਯੁਕਤ ਰਾਸ਼ਟਰ ਜ਼ਰੀਏ ਪਾਬੰਦੀਆਂ ਖ਼ਿਲਾਫ਼ ਰੂਸ ਵੱਲੋਂ 'ਵੀਟੋ' ਸ਼ਕਤੀ ਦੀ ਵਰਤੋਂ ਕਰਨ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਵਿਸ਼ੇਸ਼ ਤੌਰ 'ਤੇ ਸਿਰਫ ਯੂਕ੍ਰੇਨ ਦੇ ਹਮਲੇ ਨਾਲ ਨਜਿੱਠਣ ਲਈ ਹੋਵੇਗਾ ਪਰ ਨਿਊਜ਼ੀਲੈਂਡ ਨੂੰ ਬੇਲਾਰੂਸ ਵਰਗੇ ਦੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦੇ ਸਕਦਾ ਹੈ ਜੋ ਰੂਸ ਦੀ ਮਦਦ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਕਾਰਨ ਯੂਰਪ 'ਚ 'ਮਹਿੰਗਾਈ' ਨੇ ਤੋੜਿਆ ਲੱਕ
ਦੇਸ਼ ਦੇ ਵਿਦੇਸ਼ ਮੰਤਰੀ ਨਾਨੀਆ ਮਹੂਤਾ ਨੇ ਕਿਹਾ ਕਿ ਇਹ ਬਿੱਲ "ਸਪੱਸ਼ਟ ਸੰਦੇਸ਼ ਦੇਵੇਗਾ ਕਿ ਨਿਊਜ਼ੀਲੈਂਡ ਉਨ੍ਹਾਂ ਲੋਕਾਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਹੈ ਜੋ ਹੁਣ ਇੱਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਸਾਂਸਦ ਰੂਸ ਪਾਬੰਦੀ ਬਿੱਲ 'ਤੇ ਬੁੱਧਵਾਰ ਨੂੰ ਚਰਚਾ ਕਰਨਗੇ ਅਤੇ ਉਸੇ ਦਿਨ ਇਸ ਦੇ ਪਾਸ ਹੋਣ ਦੀ ਉਮੀਦ ਹੈ।ਅਰਡਰਨ ਨੇ ਕਿਹਾ ਕਿ ਇਸ ਨੂੰ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਸਮਰਥਨ ਦੀ ਮਿਲੇਗਾ, ਹਾਲਾਂਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਸਰਬਸੰਮਤੀ ਨਾਲ ਪਾਸ ਹੋਵੇਗਾ। ਨਿਊਜ਼ੀਲੈਂਡ ਨੇ ਪਹਿਲਾਂ ਹੀ ਰੂਸ ਦੇ ਫੌਜੀ ਅਤੇ ਸੁਰੱਖਿਆ ਬਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੇ ਸੋਮਵਾਰ ਨੂੰ ਜਨਤਕ ਕੀਤੀ ਗਈ ਸੂਚੀ 'ਤੇ 100 ਤੋਂ ਵੱਧ ਲੋਕਾਂ ਦੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਨਾਂ ਸਭ ਤੋਂ ਉੱਪਰ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।