ਨਿਊਜ਼ੀਲੈਂਡ ''ਚ ''ਇੱਛਾ ਮੌਤ'' ਬਿੱਲ ਪਾਸ, ਹੁਣ ਹੋਵੇਗੀ ਰਾਇਸ਼ੁਮਾਰੀ

Wednesday, Nov 13, 2019 - 06:33 PM (IST)

ਨਿਊਜ਼ੀਲੈਂਡ ''ਚ ''ਇੱਛਾ ਮੌਤ'' ਬਿੱਲ ਪਾਸ, ਹੁਣ ਹੋਵੇਗੀ ਰਾਇਸ਼ੁਮਾਰੀ

ਵੈਲਿੰਗਟਨ— ਨਿਊਜ਼ੀਲੈਂਡ 'ਚ ਸੰਸਦ ਮੈਂਬਰਾਂ ਨੇ ਇੱਛਾ ਮੌਤ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰਨ ਲਈ ਬੁੱਧਵਾਰ ਨੂੰ ਬਿੱਲ ਦੇ ਪੱਖ 'ਚ ਵੋਟਿੰਗ ਕੀਤੀ। ਇਸ ਬਿੱਲ 'ਤੇ ਪਿਛਲੇ ਦੋ ਸਾਲ ਤੋਂ ਚਰਚਾ ਚੱਲ ਰਹੀ ਸੀ। ਫਿਲਹਾਲ ਇਸ ਬਿੱਲ 'ਤੇ ਆਖਰੀ ਫੈਸਲਾ ਵੋਟਰਾਂ ਨੂੰ ਕਰਨਾ ਹੈ। ਉਹ ਅਗਲੇ ਸਾਲ ਤੱਕ ਰਾਇਸ਼ੁਮਾਰੀ ਰਾਹੀਂ ਇਸ ਬਿੱਲ ਨੂੰ ਮਨਜ਼ੂਰੀ ਪ੍ਰਦਾਨ ਕਰਨਗੇ। ਉਸ ਤੋਂ ਬਾਅਦ ਹੀ ਇਹ ਕਾਨੂੰਨ ਦੇ ਰੂਪ 'ਚ ਪ੍ਰਭਾਵੀ ਹੋਵੇਗਾ।

ਇਸ ਵਿਸ਼ੇ 'ਤੇ ਹੋਏ ਸਰਵੇਖਣਾਂ ਤੋਂ ਸੰਕੇਤ ਮਿਲੇ ਹਨ ਕਿ ਬਹੁਮਤ ਇਸ ਬਿੱਲ ਦੇ ਸਮਰਥਨ 'ਚ ਹੋਵੇਗਾ। ਬੁੱਧਵਾਰ ਨੂੰ ਇਸ ਬਿੱਲ ਨੂੰ 51 ਦੇ ਮੁਕਾਬਲੇ 69 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਕੀਤੇ ਜਾਣ ਦੇ ਸਮੇਂ ਸੰਸਦ 'ਚ ਬੈਠੇ ਲੋਕਾਂ ਨੇ ਤਾੜੀਆਂ ਮਾਰ ਕੇ ਇਸ ਦਾ ਸਵਾਗਤ ਕੀਤਾ। ਇਹ ਬਿੱਲ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ, ਜੋ ਲੰਬੇ ਸਮੇਂ ਤੋਂ ਲਾਇਲਾਜ ਬੀਮਾਰੀ ਨਾਲ ਪੀੜਤ ਹਨ ਜਾਂ ਜਿਨ੍ਹਾਂ ਦੇ ਅਗਲੇ 6 ਮਹੀਨੇ 'ਚ ਮਰਨ ਦੀ ਸੰਭਾਵਨਾ ਹੈ। ਇੱਛਾ ਮੌਤ ਨੂੰ ਕਾਨੂੰਨੀ ਦਰਜਾ ਦੇਣ ਵਾਲੇ ਹੋਰ ਦੇਸ਼ਾਂ 'ਚ ਬੈਲਜੀਅਮ, ਕੈਨੇਡਾ, ਕੋਲੰਬੀਆ, ਲਕਸਮਬਰਗ, ਨੀਦਰਲੈਂਡ ਤੇ ਸਵਿਟਜ਼ਰਲੈਂਡ ਸ਼ਾਮਲ ਹਨ। ਅਮਰੀਕਾ ਦੇ 8 ਸੂਬਿਆਂ ਤੇ ਵਾਸ਼ਿੰਗਟਨ ਡੀਸੀ 'ਚ ਵੀ ਇੱਛਾ ਮੌਤ ਨੂੰ ਮਾਨਤਾ ਮਿਲੀ ਹੋਈ ਹੈ।


author

Baljit Singh

Content Editor

Related News