ਨਵੇਂ ਸਾਲ ਦੇ ਜਸ਼ਨਾਂ ''ਚ ਵੱਡੇ ਹਮਲੇ ਦੀ ਤਿਆਰੀ ! ਤੁਰਕੀ ''ਚ ਅੱਤਵਾਦੀਆਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ
Monday, Dec 29, 2025 - 01:34 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਪੂਰੀ ਦੁਨੀਆ 'ਚ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਉੱਥੇ ਹੀ ਤੁਰਕੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰ-ਪੱਛਮੀ ਸੂਬੇ ਯਾਲੋਵਾ ਵਿੱਚ ਇਸਲਾਮਿਕ ਸਟੇਟ ਦੇ ਸ਼ੱਕੀ ਅੱਤਵਾਦੀਆਂ ਅਤੇ ਪੁਲਸ ਵਿਚਕਾਰ ਹੋਈ ਮੁਠਭੇੜ ਵਿੱਚ 7 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਇਹ ਝੜਪ ਸੋਮਵਾਰ ਨੂੰ ਉਦੋਂ ਹੋਈ ਜਦੋਂ ਪੁਲਸ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਏਲਮਾਲਿਕ ਪਿੰਡ ਦੇ ਨੇੜੇ ਇੱਕ ਘਰ ਵਿੱਚ ਛਾਪਾ ਮਾਰਿਆ।
ਇਸ ਦੌਰਾਨ ਜਿਵੇਂ ਹੀ ਪੁਲਸ ਅੱਤਵਾਦੀਆਂ ਦੇ ਟਿਕਾਣੇ 'ਤੇ ਪਹੁੰਚੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਗੁਆਂਢੀ ਸੂਬੇ ਬੁਰਸਾ ਤੋਂ ਸਪੈਸ਼ਲ ਫੋਰਸਿਜ਼ ਦੇ ਸੈਨਿਕ ਬੁਲਾਏ ਗਏ। ਇਸ ਮੁਠਭੇੜ ਦੌਰਾਨ ਜ਼ਖਮੀ ਹੋਏ ਸੱਤ ਪੁਲਸ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਘਰਾਂ 'ਚ ਹੀ ਰਹਿਣ ਲੋਕ..!', ਅਮਰੀਕਾ 'ਚ 9000 ਤੋਂ ਵੱਧ ਫਲਾਈਟਾਂ ਰੱਦ, ਕਈ ਸੂਬਿਆਂ 'ਚ ਅਲਰਟ ਜਾਰੀ
ਪਿਛਲੇ ਹਫ਼ਤੇ ਹੀ ਤੁਰਕੀ ਪੁਲਸ ਨੇ ਦੇਸ਼ ਭਰ ਵਿੱਚ ਛਾਪੇਮਾਰੀ ਕਰਕੇ 115 ISIS ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਅੱਤਵਾਦੀਆਂ 'ਤੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ, ਖਾਸ ਕਰ ਕੇ ਗੈਰ-ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਸ ਤਾਜ਼ਾ ਘਟਨਾ ਤੋਂ ਬਾਅਦ ਤੁਰਕੀ ਦੀਆਂ ਸੁਰੱਖਿਆ ਏਜੰਸੀਆਂ ਇੱਕ ਵਾਰ ਫਿਰ ਹਾਈ ਅਲਰਟ 'ਤੇ ਹਨ। ਅਧਿਕਾਰੀਆਂ ਅਨੁਸਾਰ ਇਹ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦੀ ਸੰਗਠਨ ਅਜੇ ਵੀ ਸਰਗਰਮ ਹੈ ਅਤੇ ਨਵੇਂ ਸਾਲ ਵਰਗੇ ਮੌਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਨੇ 2013 ਵਿੱਚ ISIS ਨੂੰ ਇੱਕ ਅੱਤਵਾਦੀ ਸੰਗਠਨ ਐਲਾਨਿਆ ਸੀ। ਇਹ ਸੰਗਠਨ ਪਹਿਲਾਂ ਵੀ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ, ਜਿਸ ਵਿੱਚ 1 ਜਨਵਰੀ 2017 ਨੂੰ ਇਸਤਾਂਬੁਲ ਦੇ ਇੱਕ ਨਾਈਟ ਕਲੱਬ 'ਤੇ ਹੋਇਆ ਹਮਲਾ ਵੀ ਸ਼ਾਮਲ ਹੈ, ਜਿਸ ਵਿੱਚ 39 ਲੋਕਾਂ ਦੀ ਮੌਤ ਹੋ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
