ਅਮਰੀਕਾ-ਤਾਲਿਬਾਨ ਦੇ ਵਿਚਾਲੇ ਗੱਲਬਾਤ ਦਾ ਨਵਾਂ ਦੌਰ ਸ਼ੁਰੂ

Wednesday, May 01, 2019 - 11:36 PM (IST)

ਅਮਰੀਕਾ-ਤਾਲਿਬਾਨ ਦੇ ਵਿਚਾਲੇ ਗੱਲਬਾਤ ਦਾ ਨਵਾਂ ਦੌਰ ਸ਼ੁਰੂ

ਕਾਬੁਲ— ਕਤਰ 'ਚ ਬੁੱਧਵਾਰ ਨੂੰ ਅਮਰੀਕਾ ਤੇ ਤਾਲਿਬਾਨ ਦੇ ਵਿਚਾਲੇ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਤਾਲਿਬਾਨ ਦੇ ਬੁਲਾਰੇ ਮੁਤਾਬਕ ਸੰਗਠਨ ਦੇ ਚੋਟੀ ਦੇ ਨੇਤਾ ਮੁੱਲਾ ਅਬਦੁੱਲ ਗਨੀ ਬਰਾਰਦਰ ਨੇ ਅਮਰੀਕਾ ਦੇ ਸ਼ਾਂਤੀ ਦੂਤ ਜਲਮਯ ਖਾਲਿਜਾਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਅਫਗਾਨ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕੀਤੀ। ਖਾਲਿਜਾਦ ਦਾ ਜ਼ੋਰ ਇਸ ਗੱਲ 'ਤੇ ਹੈ ਕਿ ਜਦੋਂ ਤੱਕ ਹਰ ਚੀਜ਼ 'ਤੇ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਆਖਰੀ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਨੇ ਪਹਿਲਾਂ ਇਕ ਸਮਝੌਤੇ ਲਈ ਖਾਕਾ ਪੇਸ਼ ਕੀਤਾ ਸੀ। 

ਸਮਝੌਤਾ ਇਨ੍ਹਾਂ ਬਿੰਦੂਆਂ 'ਤੇ ਆਧਾਰਿਤ ਹੋਵੇਗਾ ਕਿ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ 'ਤੇ ਸਹਿਮਤ ਹੋ ਜਾਵੇ ਤੇ ਬਦਲੇ 'ਚ ਤਾਲਿਬਾਨ ਅੱਤਵਾਦੀ ਸਮੂਹਾਂ ਨੂੰ ਹਮੇਸ਼ਾ ਲਈ ਬੰਦ ਕਰਨ ਤੇ ਦੇਸ਼ ਨੂੰ ਦੁਬਾਰਾ ਅੱਤਵਾਦੀਆਂ ਲਈ ਪਨਾਹਗਾਹ ਨਹੀਂ ਬਣਨ ਦੇਣ ਦਾ ਸੰਕਲਪ ਲੈਣਾ। ਤਾਲਿਬਾਨ ਮੁਤਾਬਕ ਬਰਾਰਦਰ ਨੇ ਖਾਲਿਜਾਦ ਨੂੰ ਕਿਹਾ ਕਿ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਨ੍ਹਾਂ ਦੋ ਬਿੰਦੂਆਂ ਨੂੰ ਆਖਰੀ ਰੂਪ ਦਿੱਤਾ ਜਾਵੇ। ਕਾਬੁਲ 'ਚ ਅਮਰੀਕੀ ਰਾਜਦੂਤ ਨੇ ਸਿਰਫ ਇਹ ਪੁਸ਼ਟੀ ਕੀਤੀ ਕਿ ਗੱਲਬਾਤ ਹੋ ਰਹੀ ਹੈ।


author

Baljit Singh

Content Editor

Related News