ਕੋਰੋਨਾ ਦੀ ਮਾਰ ਵਿਚਾਲੇ ਅਮਰੀਕਾ ''ਚ ਬੱਚਿਆਂ ''ਤੇ ਇਕ ਹੋਰ ਜਾਨਲੇਵਾ ਬੀਮਾਰੀ ਦਾ ਹਮਲਾ
Friday, May 15, 2020 - 04:01 PM (IST)
ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕੇਂਦਰ ਰਹੇ ਨਿਊਯਾਰਕ ਸਿਟੀ ਦੇ ਅਧਿਕਾਰੀ ਬੱਚਿਆਂ ਵਿਚ ਕੋਵਿਡ-19 ਨਾਲ ਸਬੰਧਤ ਸੋਜ ਦੀ ਦੁਰਲੱਭ ਬੀਮਾਰੀ ਦੇ 110 ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਸ਼ਹਿਰ ਦੇ ਗਵਰਨਰ ਨੇ ਹਾਲਾਤ ਨੂੰ ਗੰਭੀਰ ਦੱਸਿਆ ਤੇ ਕਿਹਾ ਕਿ ਇਸ ਨਾਲ ਤਿੰਨ ਬੱਚਿਆਂ ਦੀ ਜਾਨ ਚਲੀ ਗਈ ਹੈ।
ਬੱਚਿਆਂ ਵਿਚ ਗੰਭੀਰ ਬੀਮਾਰੀ ਤੇ ਬੱਚਿਆਂ ਦੀ ਮੌਤ, ਸੋਜ ਦੀ ਗੰਭੀਰ ਬੀਮਾਰੀ ਨਾਲ ਸਬੰਧਤ ਹੈ, ਜਿਸ ਨੂੰ ਕੋਵਿਡ-19 ਨਾਲ ਜੁੜਿਆ 'ਪੀਡੀਆਟ੍ਰਿਕ ਮਲਟੀ-ਸਿਸਟਮ ਇੰਫਲੇਮੇਟ੍ਰੀ ਸਿੰਡ੍ਰਾਮ' ਕਿਹਾ ਜਾਂਦਾ ਹੈ। ਹੁਣ ਤੱਕ ਪੰਜ ਤੇ 7 ਸਾਲ ਦੇ ਦੋ ਲੜਕਿਆਂ ਤੇ 18 ਸਾਲ ਦੀ ਲੜਕੀ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ। ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਯੋਮੋ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ 'ਤੇ ਰੋਜ਼ਾਨਾ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਨਿਊਯਾਰਕ ਸਿਹਤ ਵਿਭਾਗ ਹੁਣ ਬੱਚਿਆਂ ਵਿਚ ਕੋਰੋਨਾ ਵਾਇਰਸ ਸਬੰਧੀ ਬੀਮਾਰੀ ਦੇ 110 ਮਾਮਲਿਆਂ ਨੂੰ ਦੇਖ ਰਿਹਾ ਹੈ, ਜੋ ਕਵਾਸਾਕੀ ਬੀਮਾਰੀ ਜਾਂ ਟਾਕਸਿਕ ਸ਼ਾਕ ਲਾਈਕ ਸਿੰਡ੍ਰਾਮ ਜਿਹਾ ਹੈ ਤੇ ਉਹਨਾਂ ਨੇ ਹਾਲਾਤ ਨੂੰ ਹੋਰ ਗੰਭੀਰ ਤੇ ਚਿੰਤਾਜਨਕ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਨਿਊਯਾਰਕ ਸੂਬਾ ਜਾਂ ਸਿਹਤ ਵਿਭਾਗ ਇਸ ਦੁਰਲੱਭ ਬੀਮਾਰੀ ਦੀ ਜਾਂਚ ਕਰਨ ਵਿਚ ਅਮਰੀਕਾ ਵਿਚ ਸਭ ਤੋਂ ਅੱਗੇ ਹੈ।
ਨਿਊਯਾਰਕ ਤੋਂ ਇਲਾਵਾ 16 ਹੋਰ ਸੂਬੇ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਦੇਖ ਰਹੇ ਹਨ। ਕਯੂਮੋ ਨੇ ਸਾਵਧਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ-ਹਫਤਿਆਂ ਵਿਚ ਮਾਮਲੇ ਵਧ ਸਕਦੇ ਹਨ ਤੇ ਕਿਹਾ ਹੈ ਕਿ ਪਰਿਵਾਰ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਪੰਜ ਦਿਨ ਤੋਂ ਜ਼ਿਆਦਾ ਬੁਖਾਰ ਰਹਿਣ, ਛੋਟੇ ਬੱਚਿਆਂ ਨੂੰ ਦੁੱਧ ਪੀਣ ਜਾਂ ਕੋਈ ਤਰਲ ਪਦਾਰਥ ਪੀਣ ਵਿਚ ਦਿੱਕਤ ਹੋਣ, ਪੇਟ ਵਿਚ ਦਰਦ ਹੋਣ, ਦਸਤ ਜਾਂ ਉਲਟੀ, ਸਰੀਰ ਦੇ ਰੰਗ ਵਿਚ ਬਦਲਾਅ, ਸਾਹ ਲੈਣ ਵਿਚ ਦਿੱਕਤ, ਆਲਸਪਨ, ਚਿੜਚਿੜਾਪਨ ਜਾਂ ਭਰਮ ਹੋਣ ਦੀ ਹਾਲਤ ਵਿਚ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬੀਮਾਰੀ ਉਹਨਾਂ ਬੱਚਿਆਂ ਵਿਚ ਹੋ ਰਹੀ ਹੈ ਜੋ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਏ ਹਨ ਤੇ ਹੁਣ ਉਹਨਾਂ ਦੇ ਸਰੀਰ ਵਿਚ ਵਾਇਰਸ ਦੇ ਖਿਲਾਫ ਐਂਟੀਬਾਡੀ ਹੈ ਜਾਂ ਉਹ ਹੁਣ ਵੀ ਵਾਇਰ ਨਾਲ ਇਨਫੈਕਟਿਡ ਹਨ। ਇਹ ਬੀਮਾਰੀ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 21 ਸਾਲ ਤੱਕ ਦੇ ਕਿਸ਼ੋਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ।