ਸੰਘਰਸ਼ ਦਾ ਨਵਾਂ ਕੇਂਦਰ : ਈਰਾਨ-ਪਾਕਿਸਤਾਨ ਦਾ ਖੇਤਰ
Sunday, Jan 21, 2024 - 05:10 PM (IST)

ਇੰਟਰਨੈਸ਼ਨਲ ਡੈਸਕ- ਈਰਾਨ ਦੇ ਰਿਵੋਲਿਊਸ਼ਨਰੀ ਗਾਰਡਸ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ 'ਚ ਸੁੰਨੀਆਂ ਦੇ ਅੱਤਵਾਦੀ ਸੰਗਠਨ ਜੈਸ਼-ਅਲ-ਅਦਲ 'ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਪਾਕਿਸਤਾਨ ਨੇ ਇਸ ਹਮਲੇ ਦੇ ਤੁਰੰਤ ਬਾਅਦ ਵੀਰਵਾਰ ਤੜਕੇ ਈਰਾਨ ਦੀ ਸਰਹੱਦ ਦੇ ਅੰਦਰ 50 ਕਿਲੋਮੀਟਰ ਤਕ ਇਲਾਕੇ 'ਚ ਜਵਾਬੀ ਕਾਰਵਾਈ ਕੀਤੀ। ਇਨ੍ਹਾਂ ਹਮਲਿਆਂ 'ਚ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ। ਇਸ ਪੂਰੇ ਮਾਮਲੇ ਦਾ ਇਕ ਅਹਿਮ ਪਹਿਲੂ ਇਹ ਵੀ ਸੀ ਕਿ ਜਿਸ ਰਾਤ ਨੂੰ ਈਰਾਨ ਨੇ ਹਮਲਾ ਕੀਤਾ, ਉਸ ਤੋਂ ਕੁਝ ਘੰਟਿਆਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅਬਦੁੱਲਾਹਿਆਨ ਦਾਓਸ 'ਚ ਪਾਕਿਸਤਾਨ ਦੇ ਕਾਰਜਵਾਹਕ ਪ੍ਰਧਾਨਮੰਤਰੀ ਅਨਵਰ ਅਲੀ ਹੱਕ ਕੱਕੜ ਨਾਲ ਮੁਲਾਕਾਤ ਕਰ ਰਹੇ ਸਨ।
ਇਹ ਵੀ ਪੜ੍ਹੋ : ਅਮਰੀਕਾ 'ਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ, ਕਰੀਅਰ ਬਣਾਉਣ ਦਾ ਸੁਨਹਿਰੀ ਮੌਕਾ
ਈਰਾਨ ਨੇ ਅਜੇ ਕਿਉਂ ਕੀਤੀ ਕਾਰਵਾਈ?
ਪਾਕਿਸਤਾਨ ਦੇ ਬਲੋਚਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਜੈਸ਼-ਅਲ-ਅਦਲ ਦੀਆਂ ਗਤੀਵਿਧੀਆਂ ਨਾਲ ਈਰਾਨ ਪਹਿਲਾਂ ਤੋਂ ਹੀ ਪਰੇਸ਼ਾਨ ਰਿਹਾ ਹੈ। ਪਰ ਈਰਾਨ ਦੇ ਤਾਜ਼ੇ ਹਮਲੇ ਨੂੰ ਅਦਲ ਵਲੋਂ ਪਿਛਲੇ ਮਹੀਨੇ ਈਰਾਨ ਦੇ ਸਰਹੱਦੀ ਖੇਤਰ ਸਿਸਤਾਨ-ਬਲੋਚਿਸਤਾਨ ਦੇ ਰਾਸਕ ਕਸਬੇ 'ਚ ਕੀਤੇ ਗਏ ਹਮਲੇ ਦਾ ਜਵਾਬ ਮੰਨਿਆ ਜਾ ਰਿਹਾ ਹੈ। ਇਸ ਹਮਲੇ 'ਚ 13 ਈਰਾਨੀ ਫੌਜੀ ਮਾਰੇ ਗਏ ਸਨ।
ਪਾਕਿਸਤਾਨ ਨੇ ਕਿਉਂ ਕੀਤਾ ਜਵਾਬੀ ਹਮਲਾ?
ਪਾਕਿਸਤਾਨ 'ਚ ਅਗਲੇ ਮਹੀਨੇ ਚੋਣਾਂ ਹਨ। ਈਰਾਨੀ ਹਮਲੇ ਕਾਰਨ ਲੋਕ ਨਾਰਾਜ਼ ਸਨ ਤੇ ਚੋਣਾਂ ਤੋਂ ਠੀਕ ਪਹਿਲਾਂ ਸਰਕਾਰ ਲੋਕਾਂ ਦੇ ਵਧਦੇ ਗ਼ੁੱਸੇ ਨੂੰ ਝੱਲਣ ਦੀ ਸਥਿਤੀ 'ਚ ਨਹੀਂ ਸੀ। ਅਜਿਹੇ 'ਚ ਪਾਕਿਸਤਾਨ ਨੇ ਜਵਾਬੀ ਹਮਲੇ ਦਾ ਬਦਲ ਚੁਣਿਆ ਤੇ ਈਰਾਨੀ ਹਮਲੇ ਦੇ ਦੋ ਦਿਨਾਂ ਬਾਅਦ ਉੱਥੋਂ ਦੇ ਸਿਸਤਾਨ-ਬਲੋਚਿਸਤਾਨ 'ਚ ਕਥਿਤ ਬਲੋਚ ਅੱਤਵਾਦੀ ਸਮੂਹਾਂ ਦੇ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ, ਜਦਕਿ ਇਸ ਮਾਮਲੇ ਦੇ ਹੱਲ ਲਈ ਕਈ ਕੂਟਨੀਤਿਕ ਚੈਨਲ ਮੌਜੂਦ ਸਨ।
ਇਸ ਤਣਾਅ ਦੀ ਮੁੱਖ ਵਜ੍ਹਾ ਕੀ ਹੈ?
ਈਰਾਨ ਤੇ ਪਾਕਿਸਤਾਨ ਵਿਚਾਲੇ 959 ਕਿਲੋਮੀਟਰ ਲੰਬਾ ਬਾਰਡਰ ਹੈ, ਜੋ ਈਰਾਨ ਦੇ ਸਭ ਤੋਂ ਵੱਡੇ ਸੂਬੇ ਸਿਸਤਾਨ-ਬਲੂਚਿਸਤਾਨ ਤੇ ਪਾਕਿਸਤਾਨ ਦੇ ਵੀ ਸਭ ਤੋਂ ਵੱਡੇ ਸੂਬੇ ਬਲੂਚਿਸਤਾਨ ਨੂੰ ਵੰਡਦਾ ਹੈ। ਈਰਾਨ 'ਚ ਲਗਭਗ 95 ਫੀਸਦੀ ਸ਼ੀਆ ਰਹਿੰਦੇ ਹਨ, ਜਿਸ 'ਤੇ ਉੱਥੋਂ ਦੇ ਘੱਟ ਗਿਣਤੀ ਸੁੰਨੀਆਂ, ਖਾਸ ਕਰਕੇ ਸਿਸਤਾਨ-ਬਲੂਚਿਸਤਾਨ 'ਚ ਰਹਿਣ ਵਾਲਿਆਂ ਦੇ ਨਾਲ ਵਿਤਕਰਾ ਕਰਨ ਦੇ ਦੋਸ਼ ਪਾਕਿਸਤਾਨ ਦੇ ਬਲੂਚਿਸਤਾਨ ਦੇ ਸੁੰਨੀ ਸੰਗਠਨ ਲਗਾਉਂਦੇ ਆਏ ਹਨ। ਈਰਾਨ ਦਾ ਦੋਸ਼ ਹੈ ਕਿ ਪਾਕਿਸਤਾਨ ਦੇ ਬਲੋਚਿਸਤਾਨ ਸਥਿਤ ਸੁੰਨੀ ਅੱਤਵਾਦੀ ਸੰਗਠਨ ਸਿਸਤਾਨ-ਬਲੋਚਿਸਤਾਨ ਸੂਬੇ ਦੇ ਸੁੰਨੀਆਂ ਨੂੰ ਭੜਕਾਉਣ ਦਾ ਕੰਮ ਕਰਦੇ ਰਹਿੰਦੇ ਹਨ। ਉਸ ਦਾ ਇਹ ਵੀ ਦੋਸ਼ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਪਾਕਿਸਤਾਨ ਫੌਜ ਤੋਂ ਵੀ ਮਦਦ ਮਿਲਦੀ ਹੈ। ਹਾਲਾਂਕਿ ਪਾਕਿਸਤਾਨ ਅਜਿਹੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।