20 ਦਿਨਾਂ ਦੀ ਜੰਗ ''ਚ ਈਰਾਨ ਦੀ ਪ੍ਰਮਾਣੂ ਤਾਕਤ ਹੋਈ ਤਬਾਹ, PM ਨੇਤਨਯਾਹੂ ਦਾ ਵੱਡਾ ਦਾਅਵਾ
Friday, Mar 20, 2026 - 12:48 AM (IST)
ਤੇਲ ਅਵੀਵ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦੇ ਖਿਲਾਫ ਜਾਰੀ ਫੌਜੀ ਮੁਹਿੰਮ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਵਿਦੇਸ਼ੀ ਮੀਡੀਆ ਲਈ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਨੇਤਨਯਾਹੂ ਨੇ ਕਿਹਾ ਕਿ 20 ਦਿਨਾਂ ਦੀ ਭਿਆਨਕ ਜੰਗ ਤੋਂ ਬਾਅਦ ਹੁਣ ਈਰਾਨ ਕੋਲ ਯੂਰੇਨੀਅਮ ਸੰਵਰਧਨ (Enrich) ਕਰਨ ਜਾਂ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਦੀ ਕੋਈ ਸਮਰੱਥਾ ਨਹੀਂ ਬਚੀ ਹੈ।
'ਮੈਂ ਜਿਉਂਦਾ ਹਾਂ ਤੇ ਤੰਦਰੁਸਤ ਹਾਂ'
ਪਿਛਲੇ ਕੁੱਝ ਦਿਨਾਂ ਤੋਂ ਨੇਤਨਯਾਹੂ ਦੀ ਸਿਹਤ ਅਤੇ ਮੌਤ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ 'ਤੇ ਵਿਰਾਮ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ, "ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਮੈਂ ਜਿਉਂਦਾ ਹਾਂ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਾਂ"। ਉਨ੍ਹਾਂ ਨੇ ਅਫਵਾਹਾਂ ਦੇ ਵਿਚਕਾਰ ਪਹਿਲੀ ਵਾਰ ਲਾਈਵ ਆ ਕੇ ਆਪਣਾ ਪੱਖ ਰੱਖਿਆ।
ਈਰਾਨ ਦੀ ਲੀਡਰਸ਼ਿਪ ਖ਼ਤਮ ਹੋਣ ਦਾ ਦਾਅਵਾ
ਨੇਤਨਯਾਹੂ ਨੇ ਕਿਹਾ ਕਿ ਈਰਾਨ ਹੁਣ ਦੁਨੀਆ ਨੂੰ ਬਲੈਕਮੇਲ ਨਹੀਂ ਕਰ ਸਕਦਾ ਕਿਉਂਕਿ ਉਸ ਦੀ ਲੀਡਰਸ਼ਿਪ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਟੀਚਾ ਈਰਾਨੀ ਲੋਕਾਂ ਨੂੰ ਆਜ਼ਾਦੀ ਦੇਣਾ ਅਤੇ ਰਿਵੋਲਿਊਸ਼ਨਰੀ ਗਾਰਡਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ।
ਜਲ, ਥਲ ਅਤੇ ਅਕਾਸ਼ ਰਾਹੀਂ ਹਮਲੇ
ਫੌਜੀ ਕਾਰਵਾਈ ਦਾ ਵੇਰਵਾ ਦਿੰਦੇ ਹੋਏ ਇਜ਼ਰਾਈਲੀ ਪੀਐੱਮ ਨੇ ਦੱਸਿਆ ਕਿ ਉਹ ਈਰਾਨ ਨੂੰ ਹਵਾ, ਜ਼ਮੀਨ ਅਤੇ ਜ਼ਮੀਨ ਦੇ ਅੰਦਰ ਮਾਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੈਸਪੀਅਨ ਸਾਗਰ ਵਿੱਚ ਈਰਾਨ ਦੇ ਪੂਰੇ ਜਲ ਸੈਨਾ ਦੇ ਬੇੜੇ (Naval fleet) ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਅਮਰੀਕਾ ਨਾਲ ਤਾਲਮੇਲ 'ਤੇ ਬੋਲੇ
ਅਮਰੀਕਾ ਨੂੰ ਜੰਗ ਵਿੱਚ ਧੱਕਣ ਦੇ ਦੋਸ਼ਾਂ ਨੂੰ ਨਕਾਰਦਿਆਂ ਨੇਤਨਯਾਹੂ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦਾ ਤਾਲਮੇਲ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਫੈਸਲੇ ਖੁਦ ਲੈਂਦਾ ਹੈ ਅਤੇ ਇਜ਼ਰਾਈਲ ਆਪਣੇ ਮਹਾਨ ਮਿੱਤਰ ਅਮਰੀਕਾ ਨਾਲ ਮਿਲ ਕੇ ਇਤਿਹਾਸਕ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰੇਲੂ ਮੋਰਚੇ 'ਤੇ ਅਰਥਵਿਵਸਥਾ ਅਤੇ ਸਕੂਲਾਂ ਨੂੰ ਹੌਲੀ-ਹੌਲੀ ਖੋਲ੍ਹਣ ਅਤੇ ਜੰਗ ਪ੍ਰਭਾਵਿਤ ਲੋਕਾਂ ਨੂੰ ਸਹੀ ਮੁਆਵਜ਼ਾ ਦੇਣ ਦੀ ਵਚਨਬੱਧਤਾ ਵੀ ਦੁਹਰਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
