ਕੋਵਿਡ-19: ਨੇਪਾਲ 'ਚ ਇਕ ਦਿਨ 'ਚ ਸਭ ਤੋਂ ਵਧੇਰੇ 79 ਮਾਮਲੇ ਆਏ ਸਾਹਮਣੇ

05/25/2020 8:11:00 PM

ਕਾਠਮੰਡੂ- ਨੇਪਾਲ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 79 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 682 ਹੋ ਗਈ ਹੈ। ਇਹ ਗਿਣਤੀ ਕਿਸੇ ਇਕ ਦਿਨ ਵਿਚ ਸਭ ਤੋਂ ਵਧੇਰੇ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਦੇਸ਼ਵਿਆਪੀ ਲਾਕਡਾਊਨ ਨੂੰ 2 ਜੂਨ ਤੱਕ ਦੇ ਲਈ ਵਧਾ ਦਿੱਤਾ ਹੈ। ਨੇਪਾਲ ਉਨ੍ਹਾਂ ਦੇਸ਼ਾਂ ਵਿਚੋਂ ਹੈ ਜਿਥੇ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਘੱਟ ਹਨ।

ਸਿਹਤ ਤੇ ਜਨਸੰਖਿਆ ਮੰਤਰਾਲਾ ਦੇ ਮੁਤਾਬਕ ਸੋਮਵਾਰ ਨੂੰ ਇਨਫੈਕਸ਼ਨ ਦੇ 79 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇਨਫੈਕਟਿਡਾਂ ਦੀ ਗਿਣਤੀ ਵਧਕੇ 682 ਹੋ ਗਈ। ਨੇਪਾਲ ਵਿਚ ਸੋਮਵਾਰ ਨੂੰ 25 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿਨ੍ਹਾਂ ਵਿਚੋਂ 18 ਇਕੋ ਪਰਿਵਾਰ ਨਾਲ ਸਬੰਧਤ ਹਨ। ਨੇਪਾਲ ਵਿਚ ਹੁਣ ਤੱਕ ਕੁੱਲ 112 ਮਰੀਜ਼ ਸਿਹਤਮੰਦ ਹੋ ਚੁੱਕੇ ਹਨ, ਜਦਕਿ 566 ਲੋਕ ਅਜੇ ਵੀ ਇਨਫੈਕਟਿਡ ਹਨ। ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਦੇ ਲਈ ਹੁਣ ਤੱਕ 51,642 ਲੋਕਾਂ ਦੀ ਜਾਂਚ ਕੀਤੀ ਗਈ ਹੈ। ਨੇਪਾਲ ਵਿਚ 24 ਮਾਰਚ ਨੂੰ ਲਾਕਡਾਊਨ ਲਾਗੂ ਕੀਤਾ ਗਿਆ ਸੀ, ਜੋ 2 ਜੂਨ ਤੱਕ ਪ੍ਰਭਾਵੀ ਰਹੇਗਾ। ਹਾਲਾਂਕਿ ਨੇਪਾਲ ਨੇ ਸਾਰੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ 14 ਜੂਨ ਤੱਕ ਦੇ ਲਈ ਰੱਦ ਕਰ ਦਿੱਤਾ ਹੈ।


Baljit Singh

Content Editor

Related News