ਨੇਪਾਲ ਨੇ 6 ਮਹੀਨਿਆਂ ਪਿੱਛੋਂ ਚੀਨ ਲਈ ਖੋਲ੍ਹੀ ਇਹ ਪ੍ਰਮੁੱਖ ਸਰਹੱਦ
Monday, Jul 06, 2020 - 04:53 PM (IST)
ਕਾਠਮੰਡੂ— ਨੇਪਾਲ ਤੇ ਚੀਨ ਵਿਚਕਾਰ ਪ੍ਰਮੁੱਖ ਸਰਹੱਦੀ ਵਪਾਰ ਮਾਰਗਾਂ 'ਚੋਂ ਇਕ ਰਾਸੁਵਾਗਾਡੀ-ਕੇਰੁੰਗ ਬਰਫਬਾਰੀ ਤੇ ਕੋਵਿਡ-19 ਕਾਰਨ 6 ਮਹੀਨੇ ਤੱਕ ਬੰਦ ਰਹਿਣ ਪਿੱਛੋਂ ਸੋਮਵਾਰ ਤੋਂ ਫਿਰ ਖੁੱਲ੍ਹ ਚੁੱਕਾ ਹੈ। ਇਹ ਨੇਪਾਲ ਤੇ ਚੀਨ ਦਰਮਆਿਨ ਅੰਤਰਰਾਸ਼ਟਰੀ ਵਪਾਰ ਲਈ ਦੋ ਮੁੱਖ ਸਰਹੱਦਾਂ 'ਚੋਂ ਇਕ ਹੈ। ਕਿਹਾ ਜਾ ਰਿਹਾ ਹੈ ਰਾਸੁਵਾਗਾਡੀ-ਕੇਰੁੰਗ ਸਰਹੱਦ ਜਨਵਰੀ ਤੋਂ ਬੰਦ ਸੀ, ਸ਼ੁਰੂ 'ਚ ਬਰਫਬਾਰੀ ਕਾਰਨ ਅਤੇ ਬਾਅਦ 'ਚ ਕੋਵਿਡ-19 ਕਾਰਨ।
ਨੇਪਾਲ ਤੇ ਚੀਨ ਵਿਚਕਾਰ ਸਰਹੱਦੀ ਵਪਾਰ ਲਈ ਦੋ ਪ੍ਰਮੁੱਖ ਮਾਰਗ ਹਨ। ਇਨ੍ਹਾਂ 'ਚੋਂ ਇਕ ਰਾਸੁਵਾਗਾਡੀ-ਕੇਰੁੰਗ, ਦੂਜਾ ਤਾਤੋਪਾਣੀ-ਝਾਂਗਮੂ ਹੈ। ਤਾਤੋਪਾਣੀ-ਝਾਂਗਮੂ ਸਰਹੱਦ ਜਨਵਰੀ 'ਚ ਬੰਦ ਹੋਣ ਤੋਂ ਬਾਅਦ ਮਾਰਚ ਦੇ ਅਖੀਰ 'ਚ ਦੁਬਾਰਾ ਖੋਲ੍ਹ ਦਿੱਤੀ ਗਈ ਸੀ।
ਫਿਲਹਾਲ ਲੋਕਾਂ ਲਈ ਰਸਤਾ ਬੰਦ-
ਰਾਸੁਵਾਗਾਡੀ-ਕੇਰੁੰਗ ਕਸਟਮਜ਼ ਦਫਤਰ ਦੇ ਮੁੱਖ ਕਸਟਮ ਅਧਿਕਾਰੀ ਪੁਨਿਆ ਬਿਕਰਮ ਖੜਕਾ ਨੇ ਕਿਹਾ ਕਿ ਇਸ ਰਸਤਿਓਂ 120 ਟਨ ਮਾਲ ਰੋਜ਼ਾਨਾ ਚੀਨ ਤੋਂ ਨੇਪਾਲ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਰਹੱਦ ਬੰਦ ਹੋਣ ਕਾਰਨ ਕੇਰੁੰਗ ਅਤੇ ਚੀਨ ਦੇ ਹੋਰ ਹਿੱਸਿਆਂ 'ਚ ਜੋ ਮਾਲ ਫਸੇ ਹੋਏ ਹਨ ਪਹਿਲਾਂ ਉਹ ਨੇਪਾਲ 'ਚ ਦਰਾਮਦ ਕੀਤੇ ਜਾਣਗੇ।
ਉਨ੍ਹਾਂ ਚੀਨੀ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਨੇਪਾਲੀ ਸਰਕਾਰ ਨੇ ਪਹਿਲਾਂ ਹੀ ਚੀਨੀ ਧਿਰ ਨੂੰ 1,100 ਛੋਟੇ ਟਰੱਕਾਂ ਦੇ ਬਰਾਬਰ ਫਸੇ ਸਮਾਨ ਦੀ ਇਕ ਸੂਚੀ ਸੌਂਪ ਦਿੱਤੀ ਹੈ ਅਤੇ ਮਾਲ 'ਚ ਇਲੈਕਟ੍ਰਾਨਿਕਸ, ਮਸ਼ੀਨਰੀ, ਪਣ ਬਿਜਲੀ ਨਾਲ ਜੁੜੇ ਸਾਜੋ-ਸਾਮਾਨ, ਬਿਜਲੀ ਦੇ ਸਮਾਨ ਅਤੇ ਕੱਪੜੇ ਸ਼ਾਮਲ ਹਨ। ਸਿਹਤ ਪ੍ਰੋਟੋਕੋਲ ਵਜੋਂ ਨੇਪਾਲ ਤੇ ਚੀਨ ਦੇ ਲੋਕ ਫਿਲਹਾਲ ਸਰਹੱਦ ਰਸਤਿਓਂ ਨਹੀਂ ਆ-ਜਾ ਸਕਣਗੇ। ਅਧਿਕਾਰੀ ਨੇ ਕਿਹਾ ਕਿ ਦੋਤਰਫਾ ਆਵਾਜਾਈ ਸੁਵਿਧਾ ਤੇ ਲੋਕਾਂ ਦਾ ਆਉਣ-ਜਾਣ ਕੁਝ ਸਮੇਂ ਬਾਅਦ ਸ਼ੁਰੂ ਕੀਤਾ ਜਾਵੇਗਾ।