ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ
Thursday, Sep 08, 2022 - 05:23 PM (IST)
ਕਾਠਮੰਡੂ (ਏਜੰਸੀ) : ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ ’ਤੇ 17 ਸਾਲਾ ਕੁੜੀ ਨੇ ਇੱਥੇ ਇੱਕ ਹੋਟਲ ਦੇ ਕਮਰੇ ਵਿੱਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਕੁੜੀ ਨੇ ਮੰਗਲਵਾਰ ਨੂੰ ਗਊਸ਼ਾਲਾ ਮਹਾਨਗਰ ਪੁਲਸ ਸਰਕਲ 'ਚ ਦਰਜ ਕਰਵਾਈ ਪਹਿਲੀ ਸੂਚਨਾ ਰਿਪੋਰਟ (ਐੱਫ.ਆਈ.ਆਰ.) 'ਚ ਦੋਸ਼ ਲਗਾਇਆ ਹੈ ਕਿ ਕਰੀਬ ਤਿੰਨ ਹਫਤੇ ਪਹਿਲਾਂ 22 ਸਾਲਾ ਲਾਮਿਛਨੇ ਨੇ ਇਕ ਹੋਟਲ 'ਚ ਉਸ ਨਾਲ ਬਲਾਤਕਾਰ ਕੀਤਾ ਸੀ। ਗਊਸ਼ਾਲਾ ਪੁਲਸ ਸਰਕਲ 'ਚ ਦਰਜ ਕੀਤੇ ਗਏ ਮਾਮਲੇ ਦੇ ਮੁਤਾਬਕ ਲਾਮਿਛਾਨੇ ਕਥਿਤ ਤੌਰ 'ਤੇ 21 ਅਗਸਤ ਨੂੰ ਕੁੜੀ ਨੂੰ ਕਾਠਮੰਡੂ ਅਤੇ ਭਗਤਪੁਰ 'ਚ ਵੱਖ-ਵੱਖ ਥਾਵਾਂ 'ਤੇ ਲੈ ਗਿਆ। ਉਸ ਨੇ ਉਸੇ ਰਾਤ ਕਾਠਮੰਡੂ ਦੇ ਇੱਕ ਹੋਟਲ ਵਿੱਚ ਉਸ ਨਾਲ ਬਲਾਤਕਾਰ ਕੀਤਾ।
ਪੁਲਸ ਨੇ ਹਾਲਾਂਕਿ ਕਿਹਾ ਕਿ ਉਹ ਘਟਨਾ ਦੇ ਸਬੰਧ ਵਿੱਚ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਕੀਤੇ ਬਿਨਾਂ ਕੁਝ ਨਹੀਂ ਕਿਹਾ ਜਾ ਸਕਦਾ। ਲਾਮਿਛਾਨੇ ਇਸ ਸਮੇਂ ਕੈਰੇਬੀਅਨ ਪ੍ਰੀਮੀਅਰ ਲੀਗ (CPL) ਵਿੱਚ ਖੇਡ ਰਿਹਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਖੇਡਣ ਵਾਲਾ ਨੇਪਾਲ ਦਾ ਪਹਿਲਾ ਖਿਡਾਰੀ ਹੈ। ਉਸ ਨੇ 2018 ਵਿੱਚ ਦਿੱਲੀ ਕੈਪੀਟਲਜ਼ ਫ੍ਰੈਂਚਾਇਜ਼ੀ ਲਈ ਆਪਣਾ ਡੈਬਿਊ ਕਰਕੇ ਸੁਰਖੀਆਂ ਬਟੋਰੀਆਂ ਸਨ। ਲਾਮਿਛਨੇ ਨੂੰ ਹਾਲ ਹੀ ਵਿੱਚ ਨੇਪਾਲ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਵਿੱਚ ਨੇਪਾਲ ਕ੍ਰਿਕਟ ਸੰਘ (CAN) ਨੇ ਕਿਹਾ ਕਿ ਲਾਮਿਛਨੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ।
ਇਹ ਵੀ ਪੜ੍ਹੋ: ਕ੍ਰਿਕਟ ਮੈਚ ਮਗਰੋਂ ਆਪਸ 'ਚ ਭਿੜੇ ਪਾਕਿ-ਅਫਗਾਨ ਟੀਮਾਂ ਦੇ ਪ੍ਰਸ਼ੰਸਕ, ਜੰਮ ਕੇ ਚੱਲੀਆਂ ਕੁਰਸੀਆਂ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।