ਨੇਪਾਲ ਚ ਨਵੀਂ ਸਰਕਾਰ ਦੇ ਗਠਨ ਲਈ ਵਿਚਾਰ ਮੰਥਨ ਜਾਰੀ, ਨੇਪਾਲੀ ਕਾਂਗਰਸ ਸਾਹਮਣੇ ਬਹੁਮਤ ਜੁਟਾਉਣ ਦੀ ਤਿਆਰੀ
Thursday, May 13, 2021 - 11:08 PM (IST)
ਕਾਠਮੰਡੂ - ਨੇਪਾਲ ਵਿਚ ਨਵੀਂ ਸਰਕਾਰ ਦੇ ਗਠਨ ਲਈ ਰਾਜਨੀਤਕ ਪਾਰਟੀਆਂ ਲਗਾਤਾਰ ਵਿਚਾਰ ਮੰਥਨ ਕਰ ਰਹੀਆਂ ਹਨ ਪਰ ਅਜਿਹਾ ਫਾਰਮੂਲਾ ਨਹੀਂ ਬਣ ਰਿਹਾ ਜਿਸ ਨਾਲ ਪੂਰਨ ਬਹੁਮਤ ਵਾਲੀ ਸਰਕਾਰ ਲਈ ਦਾਅਵਾ ਕੀਤਾ ਜਾ ਸਕੇ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਨਵੀਂ ਸਰਕਾਰ ਦੇ ਗਠਨ ਲਈ ਦਾਅਵਾ ਪੇਸ਼ ਕਰਨ ਵਾਸਤੇ ਵੀਰਵਾਰ ਰਾਤ 9 ਵਜੇ ਤੱਕ ਦਾ ਸਮਾਂ ਤੈਅ ਕੀਤਾ ਸੀ। ਸੋਮਵਾਰ ਨੂੰ ਸੰਸਦ ਵਿਚ ਭਰੋਸੇ ਦੀ ਵੋਟ ਦੌਰਾਨ ਕੇ.ਪੀ. ਸ਼ਰਮਾ ਓਲੀ ਸਰਕਾਰ ਦੇ ਡਿੱਗਣ ਜਾਣ ਤੋਂ ਬਾਅਦ ਨੇਪਾਲ ਵਿਚ ਇਹ ਸਥਿਤੀ ਪੈਦਾ ਹੋ ਗਈ ਹੈ।
ਨੇਪਾਲ ਵਿਚ ਰਾਜਨੀਤਕ ਗਹਿਮਾ-ਗਹਿਮੀ ਦੀ ਇਹ ਸਥਿਤੀ ਉਦੋਂ ਬਣੀ ਜਦੋਂ ਦੇਸ਼ ਭਿਆਨਕ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਸਿਰਫ 3 ਕਰੋੜ ਆਬਾਦੀ ਵਾਲੇ ਦੇਸ਼ ਵਿਚ ਆਕਸੀਜਨ ਅਤੇ ਹੋਰ ਸਿਹਤ ਸਹੂਲਤਾਂ ਦੀ ਘਾਟ ਨਾਲ ਲੋਕ ਜੂਝ ਰਹੇ ਹਨ। ਓਲੀ ਇਸ ਸਮੇਂ ਕਾਰਜਵਾਹਕ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀਆਂ ਵਿਵਸਥਾਵਾਂ ਦਾ ਸੰਚਾਲਨ ਕਰ ਰਹੇ ਹਨ। ਪ੍ਰਤੀਨਿਧੀ ਸਭਾ ਵਿਚ 61 ਮੈਂਬਰਾਂ ਵਾਲੀ ਸਭ ਤੋਂ ਵੱਡੀ ਪਾਰਟੀ ਨੇਪਾਲ ਕਾਂਗਰਸੀ ਨੇ ਬਦਲਵੀਂ ਸਰਕਾਰ ਦੇ ਗਠਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਅਹੁਦੇ ਲਈ ਪਾਰਟੀ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਦਾ ਨਾਂ ਸਭ ਤੋਂ ਅੱਗੇ ਹੈ। ਬਦਲਵੀਂ ਸਰਕਾਰ ਦੇ ਗਠਨ ਵਿਚ ਸਭ ਤੋਂ ਵੱਡਾ ਰੋੜਾ ਜਨਤਾ ਸਮਾਜਵਾਦੀ ਪਾਰਟੀ (ਜੇ.ਐੱਸ.ਪੀ.) ਦਾ ਇਕ ਵੱਡਾ ਧੜਾ ਬਣ ਰਿਹਾ ਹੈ।