ਕਾਲੀ ਮਿਰਚ ਦੇ ਤਸਕਰੀ ਮਾਮਲੇ ''ਚ ਭਾਰਤੀ ਸ਼ਖਸ ਗ੍ਰਿਫਤਾਰ
Wednesday, May 08, 2019 - 05:42 PM (IST)

ਕਾਠਮੰਡੂ (ਭਾਸ਼ਾ)— ਦੱਖਣੀ ਨੇਪਾਲ ਦੇ ਬੀਰਗੰਜ ਸ਼ਹਿਰ ਤੋਂ ਕਥਿਤ ਤੌਰ 'ਤੇ ਇਕ ਭਾਰਤੀ ਅਤੇ ਇਕ ਨੇਪਾਲੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਨੂੰ ਕਾਲੀ ਮਿਰਚ ਦੀ ਤਸਕਰੀ ਭਾਰਤ ਵਿਚ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਰਕਸੌਲ (ਬਿਹਾਰ) ਦੇ ਰਹਿਣ ਵਾਲੇ 28 ਸਾਲਾ ਦੀਪੇਂਦਰ ਮੰਡਾ ਅਤੇ ਬੀਰਗੰਜ ਨਗਰਪਾਲਿਕਾ ਦੇ ਰਹਿਣ ਵਾਲੇ 36 ਸਾਲ ਦੇ ਬਿਨੋਦ ਪ੍ਰਸਾਦ ਪਟੇਲ ਨੂੰ ਨੇਪਾਲ-ਭਾਰਤ ਸਰਹੱਦ ਨੇੜੇ ਸਥਿਤ ਬੀਰਗੰਜ ਤੋਂ ਕਥਿਤ ਤੌਰ 'ਤੇ ਕਾਲੀ ਮਿਰਚ ਦੀ ਤਸਕਰੀ ਗੈਂਗ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
ਪੁਲਸ ਨੇ ਉਨ੍ਹਾਂ ਕੋਲੋਂ ਕਾਲੀ ਮਿਰਚ ਦੀਆਂ 8 ਬੋਰੀਆਂ ਬਰਾਮਦ ਕੀਤੀਆਂ ਹਨ। ਜਿਨ੍ਹਾਂ ਨੂੰ ਉਹ ਮੋਟਰਸਾਈਕਲਾਂ 'ਤੇ ਲਿਜਾ ਰਹੇ ਸਨ। ਨੇਪਾਲ-ਭਾਰਤ ਸਰਹੱਦ 'ਤੇ ਪੁਲਸ ਦੀ ਇਕ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ ਸੁਰੱਖਿਆ ਜਾਂਚ ਦੌਰਾਨ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕਾਲੀ ਮਿਰਚ ਦੀ ਇਕ ਵੱਡੀ ਖੇਪ ਨੂੰ ਬੀਰਗੰਜ ਤੋਂ ਭਾਰਤ ਲਿਜਾਇਆ ਜਾ ਰਿਹਾ ਹੈ।