ਨੇਪਾਲ : ਯੌਨ ਸ਼ੋਸ਼ਣ ਮਾਮਲੇ ''ਚ ਫਰਾਂਸ ਦਾ ਨਾਗਰਿਕ ਗ੍ਰਿਫਤਾਰ
Monday, Apr 15, 2019 - 03:29 PM (IST)

ਕਾਠਮੰਡੂ (ਭਾਸ਼ਾ)— ਨੇਪਾਲ ਵਿਚ ਫਰਾਂਸ ਦਾ 69 ਸਾਲਾ ਇਕ ਨਾਗਰਿਕ ਯੌਨ ਸ਼ੋਸ਼ਣ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਦੋ ਨਾਬਾਲਗਾਂ ਨੂੰ ਧਨ ਦਾ ਲਾਲਚ ਦੇ ਕੇ ਕਥਿਤ ਰੂਪ ਨਾਲ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੰਮ ਕਰਦੇ ਹੋਏ ਪੁਲਸ ਨੇ ਸ਼ੁੱਕਰਵਾਰ ਨੂੰ ਕਾਠਮੰਡੂ ਦੇ ਥਾਮੇਲ ਖੇਤਰ ਦੇ ਜੌਰਜਸ ਇਗੋਰ ਹਿਮੰਸਕੀ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਪੀੜਤ ਵੀ ਉਨ੍ਹਾਂ ਨਾਲ ਸਨ।
ਪੀੜਤਾਂ ਦੀ ਉਮਰ 14 ਅਤੇ 15 ਸਾਲ ਹੈ। ਨੇਪਾਲ ਪੁਲਸ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ,''ਪੁਲਸ ਨੇ ਫਰਾਂਸ ਦੇ ਇਸ ਨਾਗਰਿਕ ਵਿਰੁੱਧ ਕਾਠਮੰਡੂ ਜ਼ਿਲਾ ਅਦਾਲਤ ਵਿਚ ਗੈਰ ਕੁਦਰਤੀ ਯੌਨ ਸੰਬੰਧ ਅਤੇ ਬਾਲ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਹੈ।'' ਇਕ ਅੰਗਰੇਜ਼ੀ ਅਖਬਾਰ ਨੇ ਇਕ ਜਾਂਚ ਕਰਤਾ ਦੇ ਹਵਾਲੇ ਨਾਲ ਦੱਸਿਆ ਕਿ ਦੋਸ਼ੀ ਖੁਦ ਨੂੰ ਗਰੀਬ ਵਰਗ ਅਤੇ ਸੜਕ 'ਤੇ ਰਹਿਣ ਵਾਲੇ ਬੱਚਿਆਂ ਦੇ ਮਦਦਗਾਰ ਦੇ ਤੌਰ 'ਤੇ ਪੇਸ਼ ਕਰਦਾ ਸੀ।
ਜਾਂਚ ਵਿਚ ਖੁਲਾਸਾ ਹੋਇਆ ਕਿ ਦੋਸ਼ੀ ਨੂੰ ਇਸ ਤੋਂ ਪਹਿਲਾਂ ਫਰਾਂਸ ਵਿਚ ਵੀ ਇਸੇ ਤਰ੍ਹਾਂ ਦੇ ਇਕ ਅਪਰਾਧ ਦੇ ਮਾਮਲੇ ਵਿਚ ਸਾਲ 2000 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਾਲ ਨੇਪਾਲ ਵਿਚ ਇਸ ਤਰ੍ਹਾਂ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਵਾਲਾ ਹਿਮੰਸਕੀ ਫਰਾਂਸ ਦਾ ਤੀਜਾ ਵਿਅਕਤੀ ਹੈ।