ਭਾਰਤੀਆਂ ਦਾ ਸੁਫ਼ਨਾ ਹੋਇਆ ਸੱਚ, ਨਿਓਸ ਏਅਰਲਾਈਨ ਨੇ ਇਟਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ
Friday, Apr 07, 2023 - 03:55 PM (IST)
ਰੋਮ (ਦਲਵੀਰ ਕੈਂਥ)- ਇਟਲੀ ਦੀ ਨਿਓਸ ਏਅਰਲਾਈਨ ਵੱਲੋਂ ਰੋਮ, ਮਿਲਾਨ ਤੋਂ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ (ਭਾਰਤ) ਲਈ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਸ਼ੇਸ਼ ਉਡਾਣ ਸ਼ੁਰੂ ਹੋਣ ਨਾਲ ਇਟਲੀ ਵਸਦੇ ਭਾਰਤੀਆਂ ਦਾ ਸੁਫ਼ਨਾ ਸੱਚ ਹੋ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਂਸੀ ਰੋਮ ਦੀ ਸਤਿਕਾਰਤ ਰਾਜਦੂਤ ਡਾ. ਨੀਨਾ ਮਲਹੋਤਰਾ ਨੇ ਲਿਓਨਾਰਦੋ ਦ ਵਿਨਚੀ ਫਿਊਮੀਚੀਨੋ ਰੋਮ ਵਿਖੇ ਨਿਓਸ ਏਅਰ ਲਾਈਨ ਵੱਲੋਂ ਰੋਮ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ੁਰੂ ਹੋਈ ਵਿਸ਼ੇਸ਼ ਉਡਾਣ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਕੀਤਾ।
ਨੀਨਾ ਮਲਹੋਤਰਾ ਨੇ ਕਿਹਾ ਕਿ ਹਰ ਸਾਲ 30 ਮਿਲੀਅਨ ਭਾਰਤੀ ਭਾਰਤ ਤੋਂ ਹਵਾਈ ਸਫ਼ਰ ਕਰਦੇ ਹਨ, ਜਿਹਨਾਂ ਨੂੰ ਇਸ ਸੇਵਾ ਦਾ ਵੱਡਾ ਲਾਭ ਹੋਵੇਗਾ। ਇਸ ਸਮਾਰੋਹ ਦਾ ਉਦਘਾਟਨ ਡਾ:ਨੀਨਾ ਮਲਹੋਤਰਾ ਨੇ ਕੀਤਾ, ਜਦੋਂ ਕਿ ਇਸ ਸਮਾਰੋਹ ਦੌਰਾਨ ਕੇਕ ਕੱਟਣ ਦੀ ਰਸਮ ਡਾ:ਨੀਨਾ ਮਲਹੋਤਰਾ ਤੇ ਨਿਓਸ ਏਅਰ ਲਾਈਨ ਦੇ ਐੱਸ. ਐੱਮ. ਲੁਕਾ ਕੰਪਾਨਾਤੀ ਨੇ ਸਾਂਝੇ ਤੌਰ ਅਦਾ ਕੀਤੀ। ਨਿਓਸ ਏਅਰ ਲਾਈਨ ਸੰਬਧੀ ਲੁਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਡਾਣ 5 ਅਪ੍ਰੈਲ ਤੋਂ ਪਹਿਲੀ ਵਾਰ ਸ਼ੁਰੂ ਹੋਈ ਹੈ, ਜਿਸ ਨੂੰ 787-900 ਡਰੀਮਲਾਈਨਰ ਕਿਹਾ ਜਾਂਦਾ ਹੈ। ਜਿਹੜੀ ਆਧੁਨਿਕ ਸੁੱਖ ਸਹੂਲਤਾ ਨਾਲ ਭਰਪੂਰ ਹੈ ਅਤੇ ਜਿਸ ਵਿੱਚ 350 ਯਾਤਰੀ ਸਫ਼ਰ ਕਰਨਗੇ।
ਨਿਓਸ ਏਅਰ ਲਾਈਨ ਇਸ ਸਮੇਂ ਦੁਨੀਆ ਦੇ 53 ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਉਦਘਾਟਨ ਸਮਾਰੋਹ ਮੌਕੇ ਇਟਲੀ ਦੇ ਭਾਰਤੀਆਂ ਨੂੰ ਬਿਹਤਰ ਤੇ ਸਸਤੀਆਂ ਹਵਾਈ ਸੇਵਾਵਾਂ ਪ੍ਰਦਾਨ ਕਰ ਰਹੇ ਵੋਲੋ ਫਲਾਈ ਡਾਟ ਕਾਮ ਦੇ ਤਲਵਿੰਦਰ ਸਿੰਘ ਰੋਮ ਨੇ ਕਿਹਾ ਕਿ ਨਿਓਸ ਏਅਰ ਲਾਈਨ ਦੀ ਇਹ ਸ਼ਡਿਊਲ ਫਲਾਈਟ ਸੇਵਾ ਹੈ, ਜਿਹੜੀ ਕਿ ਨਿਰੰਤਰ ਇਟਲੀ ਦੇ ਭਾਰਤੀਆਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ ਅਤੇ ਹੋਰ ਫਲਾਈਟਾਂ ਦੇ ਮੁਕਾਬਲੇ ਬਹੁਤ ਹੀ ਸਸਤੀ ਕੀਮਤ ਵਿੱਚ ਵਧੀਆਂ ਸਫਰ ਕਰਵਾਏਗੀ। ਇਟਲੀ ਦੇ ਭਾਰਤੀ ਖਾਸਕਰ ਪੰਜਾਬੀ ਹਮੇਸ਼ਾ ਹੀ ਇਟਲੀ ਤੋਂ ਅੰਮ੍ਰਿਤਸਰ ਦੀ ਅਜਿਹੀ ਸਿੱਧੀ ਹਵਾਈ ਉਡਾਨ ਦਾ ਸੁਫ਼ਨਾ ਦੇਖ ਰਹੇ ਸਨ, ਜਿਹੜੀ ਕਿ ਸੁੱਖ ਸਹੂਲਤਾ ਵਿੱਚ ਵੀ ਤੇ ਕੀਮਤ ਵਿੱਚ ਵੀ ਦਰੁਸਤ ਹੋਵੇ। ਪੰਜਾਬੀਆਂ ਦੇ ਇਸ ਸੁਫ਼ਨੇ ਨੂੰ ਨਿਓਸ ਏਅਰਲਾਈਨ ਨੇ ਸਾਕਾਰ ਕਰ ਦਿੱਤਾ ਹੈ। ਇਸ ਉਦਘਾਟਨ ਸਮਾਰੋਹ ਮੌਕੇ ਇਲਾਕੇ ਦੀਆਂ ਕਈ ਨਾਮੀ ਸ਼ਖਸੀਅਤਾਂ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।