ਨਵਾਜ਼ ਸ਼ਰੀਫ ਦੀ ''ਕੈਫੇ ਤਸਵੀਰ'' ਸੋਸ਼ਲ ਮੀਡੀਆ ''ਤੇ ਵਾਇਰਲ, ਵਿਰੋਧੀਆਂ ਕੀਤੀ ਇਹ ਮੰਗ

Monday, Jun 01, 2020 - 01:44 AM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ 'ਬੀਮਾਰ' ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਲੰਡਨ ਦੇ ਇਕ ਕੈਫੇ ਵਿਚ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਚਾਹ ਪੀਣ ਦੀ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੀ ਸਿਹਤ 'ਤੇ ਚਰਚਾ ਸ਼ੁਰੂ ਹੋ ਗਈ ਹੈ।

ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਦੇਸ਼ ਵਿਚ ਵਾਪਸ ਲਿਆਂਦਾ ਜਾਵੇ। ਤਸਵੀਰ ਵਿਚ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ 70 ਸਾਲਾ ਨੇਤਾ ਆਪਣੀਆਂ ਪੋਤੀਆਂ ਦੇ ਨਾਲ ਸੜਕ ਦੇ ਕਿਨਾਰੇ ਇਕ ਕੈਫੇ ਵਿਚ ਬੈਠੇ ਦਿਖ ਰਹੇ ਹਨ। ਉਹ ਨੀਲੇ ਰੰਗ ਦੀ ਸਲਵਾਰ ਕਮੀਜ਼ ਪਾਏ ਤੇ ਟੋਪੀ ਲਗਾਏ ਹੋਏ ਹਨ ਤੇ ਉਨ੍ਹਾਂ ਦੀ ਸਿਹਤ ਬਿਹਤਰ ਦਿਖ ਰਹੀ ਹੈ। ਕੁਝ ਮੰਤਰੀਆਂ ਨੇ ਉਨ੍ਹਾਂ ਦੀ ਸਿਹਤ ਦੀ ਗੰਭੀਰ ਸਥਿਤੀ 'ਤੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਸ਼ਰੀਫ ਲੰਡਨ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ ਤੇ ਕੋਵਿਡ-19 ਦੇ ਸਮੇਂ ਵਿਚ ਉਨ੍ਹਾਂ ਨੇ ਮਾਸਕ ਲਗਾਉਣਾ ਵੀ ਠੀਕ ਨਹੀਂ ਸਮਝਿਆ। ਵਿਗਿਆਨ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਕੈਫੇ ਵਿਚ ਚਾਹ ਪੀਂਦੇ ਸ਼ਰੀਫ ਦੀ ਇਸ ਤਸਵੀਰ ਨੇ ਸਾਡੇ ਕਾਨੂੰਨ, ਨਿਆ ਤੇ ਨਿਆਇਕ ਵਿਵਸਥਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਹ ਤਸਵੀਰ ਇਹ ਵੀ ਦੱਸਦੀ ਹੈ ਕਿ ਦੇਸ਼ ਵਿਚ ਲੋਕ ਕਿਸ ਤਰ੍ਹਾਂ ਨਾਲ ਜਵਾਬਦੇਹੀ ਪ੍ਰਣਾਲੀ 'ਤੇ ਵਿਸ਼ਵਾਸ ਕਰਨ? 

ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਾਹਬਾਜ਼ ਗਿੱਲ ਨੇ ਕਿਹਾ ਕਿ ਅਦਾਲਤ ਵਿਚ ਝੂਠ ਬੋਲ ਕੇ ਸ਼ਰੀਫ ਵਿਦੇਸ਼ ਗਏ ਹੋਏ ਹਨ। ਗਿੱਲ ਨੇ ਕਿਹਾ ਕਿ ਸ਼ਰੀਫ ਪਰਿਵਾਰ ਸਮਝਦਾ ਹੈ ਕਿ ਲੋਕ ਮੂਰਖ ਹਨ। ਉਨ੍ਹਾਂ ਨੇ ਸ਼ਰੀਫ ਨੂੰ ਕਿਹਾ ਕਿ ਉਹ ਪਾਕਿਸਤਾਨ ਪਰਤਣ ਤੇ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰਨ। ਪੰਜਾਬ ਦੇ ਸੂਚਨਾ ਮੰਤਰੀ ਫੈਯਾਜੁਲ ਹਸਨ ਚੌਹਾਨ ਨੇ ਕਿਹਾ ਕਿ ਸ਼ਰੀਫ ਲੰਡਨ ਦੀਆਂ ਸੜਕਾਂ 'ਤੇ ਮਾਸਕ ਲਗਾਏ ਬਿਨਾਂ ਕਿਵੇਂ ਘੁੰਮ ਸਕਦੇ ਹਨ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰਨ ਦੇ ਲਈ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। 
ਤਸਵੀਰ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਇਹ ਟਾਪ ਟ੍ਰੈਂਡ ਕਰਨ ਲੱਗੀ ਤੇ ਸ਼ਰੀਫ ਦੀ ਸਿਹਤ ਨੂੰ ਲੈ ਕਿ ਬਹਿਸ ਸ਼ੁਰੂ ਹੋ ਗਈ। ਉਨ੍ਹਾਂ ਦੇ ਵਿਰੋਧੀਆਂ ਨੇ ਜਿਥੇ ਕਿਹਾ ਕਿ ਜੇਕਰ ਉਹ ਸਿਹਤਮੰਦ ਹਨ ਤਾਂ ਪਾਕਿਸਤਾਨ ਕਿਉਂ ਨਹੀਂ ਆਉਂਦੇ ਜਦਕਿ ਸਮਰਥਕ ਉਨ੍ਹਾਂ ਦੀ ਚੰਗੀ ਸਿਹਤ ਨੂੰ ਦੇਖ ਦੇ ਖੁਸ਼ ਹਨ।


Baljit Singh

Content Editor

Related News