ਨਿਊਜ਼ੀਲੈਂਡ ''ਚ ਖੁੱਲ੍ਹ ਰਹੇ ਹਨ ਨੇਚਰ ਸਕੂਲ, ਬੱਚੇ ਖੇਤਾਂ ਤੇ ਤਲਾਬਾਂ ''ਚ ਬਿਤਾਉਂਦੇ ਹਨ ਸਮਾਂ
Tuesday, Jan 02, 2024 - 06:52 PM (IST)
ਨਿਊਜ਼ੀਲੈਂਡ- ਨਿਊਜ਼ੀਲੈਂਡ ਦੇ ਵੈਲਿੰਗਟਨ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ, ਜਿਸ ਬਾਰੇ ਅਕਸਰ ਹੀ ਸੋਚਿਆ ਜਾਂਦਾ ਹੈ। ਬੱਚਿਆਂ ਨੂੰ ਨੇਚਰ ਸਕੂਲ ਭੇਜਿਆ ਜਾ ਰਿਹਾ ਹੈ, ਜਿੱਥੇ ਵਿਦਿਆਰਥੀ ਨਾ ਸਿਰਫ਼ ਖੇਤਾਂ ਅਤੇ ਛੱਪੜਾਂ ਵਿੱਚ ਸਮਾਂ ਬਿਤਾਉਣਗੇ ਸਗੋਂ ਚਿੱਕੜ ਵਿੱਚ ਖੇਡਦੇ ਵੀ ਨਜ਼ਰ ਆਉਣਗੇ। ਨੇਚਰ ਸਕੂਲ ਵਿਚ ਬੱਚੇ ਰੁੱਖਾਂ ਅਤੇ ਜਾਨਵਰਾਂ ਬਾਰੇ ਸਿੱਖਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਨਿਊਜ਼ੀਲੈਂਡ ਦੇ ਬੱਚੇ ਪ੍ਰਾਇਮਰੀ ਸਕੂਲਿੰਗ ਦੌਰਾਨ ਇਹ ਸਭ ਕੁਝ ਸਿੱਖ ਰਹੇ ਹਨ। ਨਵੀਂ ਜ਼ਿੰਦਗੀ ਜਿਊਣ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇੱਥੇ 8 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਦਿਨ ਖੇਤਾਂ ਦੇ ਕੰਢਿਆਂ ਅਤੇ ਨਦੀਆਂ ਦੇ ਵਿਚਕਾਰ ਹੀ ਗੁਜ਼ਾਰਨਾ ਪੈਂਦਾ ਹੈ।
ਮੱਛੀਆਂ ਨੂੰ ਖਾਣ ਦੇਣ ਤੋਂ ਲੈ ਕੇ ਪੌਦੇ ਲਗਾਉਣ ਤੱਕ
ਸਕੂਲ ਵੱਲੋਂ ਪੜ੍ਹਾਏ ਜਾਣ ਤੋਂ ਬਾਅਦ ਇਹ ਬੱਚੇ ਇੱਲ ਮੱਛੀਆਂ ਨੂੰ ਖਾਣਾ ਖੁਆਉਂਦੇ ਹਨ ਅਤੇ ਫਿਰ ਚਿੱਕੜ ਵਿੱਚ ਵੀ ਖੇਡਦੇ ਹਨ। ਬੱਚੇ ਨਾ ਸਿਰਫ਼ ਖੇਤਾਂ ਵਿੱਚ ਸਮਾਂ ਬਿਤਾਉਂਦੇ ਹਨ ਸਗੋਂ ਪਸ਼ੂਆਂ ਦੀ ਦੇਖਭਾਲ ਵੀ ਕਰਦੇ ਹਨ। ਹੁਣ ਯੂਰਪ ਦੇ ਕਈ ਦੇਸ਼ਾਂ ਵਿੱਚ ਇਹ ਰੁਝਾਨ ਕਾਫੀ ਵੱਧ ਗਿਆ ਹੈ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੁਦਰਤ ਬਾਰੇ ਜਾਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ ਤੋਂ ਇਲਾਵਾ ਬਰਤਾਨੀਆ ਅਤੇ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ‘ਫੋਰੈਸਟ ਸਕੂਲ’ ਜਾਂ ‘ਬੁਸ਼ ਕਾਈਨਡੀਜ਼’ ਦੇ ਨਾਂ ਹੇਠ ਕੁਦਰਤ ਬਾਰੇ ਪੜ੍ਹਾਇਆ ਜਾ ਰਿਹਾ ਹੈ। ਕਈ ਦੇਸ਼ਾਂ ਵਿੱਚ ‘ਐਨਵਾਇਰੋ ਸਕੂਲ’ ਨਾਂ ਦਾ ਸੰਕਲਪ ਸ਼ੁਰੂ ਕੀਤਾ ਗਿਆ ਹੈ। ਬੱਚਿਆਂ ਲਈ ਮਾਓਰੀ ਜੀਵਨ ਸ਼ੈਲੀ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਬੱਚਿਆਂ ਲਈ ਸਕੂਲ ਤੋਂ ਬਾਹਰ ਸੁੰਦਰ ਦੁਨੀਆ
ਸਕੂਲ ਤੋਂ ਬਾਹਰ ਆਉਣ ਤੋਂ ਬਾਅਦ, ਉਹ ਮਾਓਰੀ ਜੀਵਨ ਸ਼ੈਲੀ ਰਾਹੀਂ ਇੱਕ ਨਵੀਂ ਦੁਨੀਆ ਦੇਖਦੇ ਹਨ। ਉਹ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਜਮਾਤਾਂ ਵਿੱਚ ਬੱਚਿਆਂ ਨੂੰ ਆਪਣੀ ਬੌਧਿਕ ਯੋਗਤਾ ਦੇ ਆਧਾਰ ’ਤੇ ਫੈਸਲੇ ਲੈਣੇ ਪੈਂਦੇ ਹਨ। ਕੁਝ ਬੱਚੇ ਮੁਰਗੀਆਂ ਨੂੰ ਫੜਨਾ ਪਸੰਦ ਕਰਦੇ ਹਨ ਜਦੋਂ ਕਿ ਦੂਸਰੇ ਖੇਤਾਂ ਵਿੱਚ ਕਿਸਾਨਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ। ਕੁਝ ਅਜਿਹੇ ਵੀ ਹਨ ਜੋ ਹਰ ਰੋਜ਼ ਰੁੱਖਾਂ ਨੂੰ ਪਾਣੀ ਦਿੰਦੇ ਹਨ ਅਤੇ ਨਵੇਂ ਰੁੱਖ ਲਗਾਉਣ ਦਾ ਸੰਕਲਪ ਲੈਂਦੇ ਹਨ। ਕੁਝ ਖੇਤਾਂ ਵਿੱਚ ਬੰਨ੍ਹ ਬਣਾਉਣ ਲਈ ਕਿਸਾਨਾਂ ਨਾਲ ਕੰਮ ਕਰਦੇ ਹਨ, ਜਦੋਂ ਕਿ ਦੂਸਰੇ ਲੱਕੜ ਇਕੱਠੀ ਕਰਦੇ ਹਨ ਅਤੇ ਇਸਨੂੰ ਵਾਪਸ ਲਿਆਉਂਦੇ ਹਨ। ਭਾਵ ਬੱਚਿਆਂ ਵਿੱਚ ਬਚਪਨ ਤੋਂ ਹੀ ਇਹ ਉਤਸੁਕਤਾ ਵਧ ਜਾਂਦੀ ਹੈ। ਨਿਊਜ਼ੀਲੈਂਡ ਵਿੱਚ ਅਜਿਹੇ ਸਕੂਲਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ 100 ਦੇ ਕਰੀਬ ਸਕੂਲਾਂ ਵਿੱਚ 2000 ਅਧਿਆਪਕ ਜੁੜ ਚੁੱਕੇ ਹਨ ਜੋ ਬੱਚਿਆਂ ਨੂੰ ਨੇਚਰ ਨਾਲ ਜਾਣੂ ਕਰਵਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।