ਹਾਂ-ਪੱਖੀ ''ਬਾਡੀ ਇਮੇਜ'' ਨੂੰ ਉਤਸ਼ਾਹਿਤ ਕਰਦੈ ਕੁਦਰਤੀ ਵਾਤਾਵਰਣ

01/20/2018 12:00:04 AM

ਲੰਡਨ— ਕੁਦਰਤੀ ਵਾਤਾਵਰਣ 'ਚ ਰਹਿਣ ਤੇ ਕੁਦਰਤ ਸਬੰਧੀ ਚਿੱਤਰਾਂ ਦਾ ਹਾਂ-ਪੱਖੀ 'ਬਾਡੀ ਇਮੇਜ' ਨੂੰ ਉਤਸ਼ਾਹਿਤ ਕਰਨ 'ਚ ਇਕ ਪ੍ਰਭਾਵਸ਼ਾਲੀ ਅਸਰ ਪੈਂਦਾ ਹੈ। ਭਾਰਤੀ ਮੂਲ ਦੇ ਇਕ ਵਿਗਿਆਨੀ ਸਮੇਤ ਕਈ ਵਿਗਿਆਨੀਆਂ ਦੀ ਅਗਵਾਈ 'ਚ ਕੀਤੇ ਗਏ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।
ਇਹ ਅਧਿਐਨ ਰਸਾਲੇ 'ਬਾਡੀ ਇਮੇਜ' ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ 'ਚ ਖੋਜਕਾਰਾਂ ਦੇ 5 ਵੱਖ-ਵੱਖ ਅਧਿਐਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਤਿੰਨ ਅਧਿਐਨਾਂ 'ਚ ਮੁਕਾਬਲੇਬਾਜ਼ਾਂ ਨੂੰ ਕੁਦਰਤੀ ਅਤੇ ਨਕਲੀ ਦੋਹਾਂ ਤਰ੍ਹਾਂ ਦੇ ਵਾਤਾਵਰਣ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਜਿਸ ਤੋਂ ਇਹ ਨਤੀਜਾ ਨਿਕਲਿਆ ਕਿ  ਨਕਲੀ ਨਹੀਂ, ਸਗੋਂ ਕੁਦਰਤੀ ਵਾਤਾਵਰਣ ਦੀ ਫੋਟੋ ਦਾ ਸੰਬੰਧ 'ਬਾਡੀ ਇਮੇਜ' ਵਿਚ ਸੁਧਾਰ ਨਾਲ ਹੈ। 
ਚੌਥੇ ਅਧਿਐਨ 'ਚ ਮੁਕਾਬਲੇਬਾਜ਼ ਲੰਡਨ ਵਿਚ ਅਤੇ ਇਸ ਦੇ ਆਲੇ-ਦੁਆਲੇ ਕੁਦਰਤੀ ਤੇ ਨਕਲੀ ਦੋਹਾਂ ਕਿਸਮ ਦੇ ਵਾਤਾਵਰਣ 'ਚ ਟਹਿਲੇ। ਪੰਜਵੇਂ ਅਧਿਐਨ ਦੇ ਮੁਕਾਬਲੇਬਾਜ਼ ਲੰਡਨ ਦੇ ਪ੍ਰਿਮਰੋਜ਼ ਹਿਲ 'ਚ ਪਾਰਕ ਵਿਚ ਟਹਿਲੇ। ਇਨ੍ਹਾਂ ਦੋਵਾਂ ਅਧਿਐਨਾਂ 'ਚ ਵੀ ਇਹ ਗੱਲ ਸਾਹਮਣੇ ਆਈ ਕਿ ਕੁਦਰਤੀ ਵਾਤਾਵਰਣ 'ਚ ਸਮਾਂ ਬਿਤਾਉਣ ਨਾਲ ਹਾਂ-ਪੱਖੀ 'ਬਾਡੀ ਇਮੇਜ' ਨੂੰ ਬਹੁਤ ਉਤਸ਼ਾਹ ਮਿਲਿਆ। 
ਐਂਗਲੀਆ ਰਸਕਿਨ ਯੂਨੀਵਰਸਿਟੀ 'ਚ ਸੋਸ਼ਲ ਸਾਇਕੋਲੋਜੀ ਦੇ ਪ੍ਰੋਫੈਸਰ ਵੀਰੇਨ ਸਵਾਮੀ ਨੇ ਕਿਹਾ ਕਿ ਕੁਦਰਤ 'ਚ ਸਮਾਂ ਬਿਤਾਉਣ ਦਾ ਹਾਂ-ਪੱਖੀ ਬਾਡੀ ਇਮੇਜ 'ਤੇ ਅਸਰ ਪੈਣ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਇਹ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਰੂਪ ਨਾਲ ਅਜਿਹੀਆਂ ਸਥਿਤੀਆਂ ਤੋਂ ਦੂਰ ਕਰਦਾ ਹੈ, ਜਿਨ੍ਹਾਂ 'ਚ ਬਾਹਰੀ ਸੁੰਦਰਤਾ 'ਤੇ ਧਿਆਨ ਦਿੱਤਾ ਜਾਂਦਾ ਹੈ ਅਤੇ ਨਾਂਹ-ਪੱਖੀ 'ਬਾਡੀ ਇਮੇਜ' ਦਾ ਵੱਡਾ ਕਾਰਨ ਹੈ। ਸਵਾਮੀ ਨੇ ਕਿਹਾ ਕਿ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੁਦਰਤੀ ਵਾਤਾਵਰਣ ਦੀ ਡੂੰਘਾਈ ਅਤੇ ਗੁੰਝਲਤਾ ਨਾਂਹ-ਪੱਖੀ ਅਕਸ ਸਬੰਧੀ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ।


Related News