ਨਾਟੋ ਚੀਨ ਨੂੰ ਰੂਸ ਦੀ ਤਰ੍ਹਾਂ ਵਿਰੋਧੀ ਦੇ ਤੌਰ ’ਤੇ ਨਹੀਂ ਦੇਖਦਾ: ਬ੍ਰਿਟੇਨ
Monday, Jun 14, 2021 - 06:22 PM (IST)
ਬ੍ਰਸੇਲਜ਼ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਨਾਟੋ ਦੇ ਨੇਤਾ ਚੀਨ ਨੂੰ ਉਸ ਤਰ੍ਹਾਂ ਦੇ ਵਿਰੋਧੀ ਦੇ ਤੌਰ ’ਤੇ ਨਹੀਂ ਦੇਖਦੇ, ਜਿਸ ਤਰ੍ਹਾਂ ਨਾਲ ਇਹ ਫ਼ੌਜੀ ਸੰਗਠਨ ਰੂਸ ਨੂੰ ਦੇਖਦੇ ਹੈ। ਹਾਲਾਂਕਿ ਉਹ ਚੀਨ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਸੁਚੇਤ ਹੈ।
ਜਾਨਸਨ ਨੇ ਸੋਮਵਾਰ ਨੂੰ ਬ੍ਰਸੇਲਜ਼ ਵਿਚ ਉਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਸਿਖ਼ਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘ਚੀਨ ਸਾਡੇ ਜੀਵਨ ਦਾ ਤੱਥ ਹੈ ਅਤੇ ਨਾਟੋ ਲਈ ਇਹ ਇਕ ਨਵਾਂ ਰਣਨੀਤਕ ਵਿਚਾਰ ਹੈ।’ ਉਨ੍ਹਾਂ ਕਿਹਾ, ‘ਮੈਂ ਨਹੀਂ ਸਮਝਦਾ ਕਿ ਇਸ ਸਮੇਂ ਮੌਜੂਦ ਕੋਈ ਵੀ ਵਿਅਕਤੀ ਅੱਜ ਚੀਨ ਨਾਲ ਇਕ ਨਵੇਂ ਸ਼ੀਤ ਯੁੱਧ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ। 30 ਰਾਸ਼ਟਰਾਂ ਵਾਲੇ ਗਠਜੋੜ ਦੇ ਨੇਤਾ ਚੁਣੌਤੀਆਂ ਨੂੰ ਦੇਖਦੇ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਵੀ ਦੇਖਦੇ ਹਨ, ਜਿਨ੍ਹਾਂ ਨਾਲ ਸਾਨੂੰ ਇਕਜੁੱਟ ਹੋ ਕੇ ਨਜਿੱਠਣਾ ਹੋਵੇਗਾ। ਹਾਲਾਂਕਿ ਉਹ ਮੌਕਿਆਂ ਨੂੰ ਵੀ ਦੇਖਦੇ ਹਨ ਅਤੇ ਮੈਂ ਸੋਚਦਾ ਹਾਂ ਕਿ ਸਾਨੂੰ ਇਸ ਨੂੰ ਇਕੱਠੇ ਮਿਲ ਕੇ ਕਰਨ ਦੀ ਜ਼ਰੂਰਤ ਹੈ।’