ਬੰਗਲਾਦੇਸ਼ ''ਚ ਪੀ.ਐੱਮ. ਮੋਦੀ ਦੇ ਦੌਰੇ ਦਾ ਵਿਰੋਧ, ਹਿੰਦੂ ਮੰਦਰਾਂ ''ਤੇ ਹਮਲਾ
Sunday, Mar 28, 2021 - 05:24 PM (IST)
 
            
            ਢਾਕਾ (ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੰਗਲਾਦੇਸ਼ ਦਾ ਦੌਰਾ ਖ਼ਤਮ ਹੋਣ ਦੇ ਨਾਲ ਹੀ ਇੱਥੇ ਕੱਟੜ ਇਸਲਾਮਿਕ ਗੁੱਟਾਂ ਨੇ ਹਿੰਦੂ ਮੰਦਰਾਂ 'ਤੇ ਹਮਲਾ ਕਰ ਦਿੱਤਾ। ਐਤਵਾਰ ਨੂੰ ਪੂਰਬੀ ਬੰਗਲਾਦੇਸ਼ ਵਿਚ ਇਕ ਰੇਲਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਸ ਅਤੇ ਇਕ ਸਥਾਨਕ ਪੱਤਰਕਾਰ ਦੇ ਹਵਾਲੇ ਨਾਲ ਰਾਇਟਰਜ਼ ਨੇ ਦੱਸਿਆ ਹੈ ਕਿ ਪੀ.ਐੱਮ. ਮੋਦੀ ਦੇ ਦੌਰੇ ਖ਼ਿਲਾਫ਼ ਪੂਰੇ ਦੇਸ਼ ਵਿਚ ਹਿੰਸਾ ਸ਼ੁਰੂ ਹੋ ਗਈ ਹੈ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੀ.ਐੱਮ. ਮੋਦੀ ਦੇ ਦੌਰੇ ਖ਼ਿਲਾਫ਼ ਇਸਲਾਮਿਕ ਗੁੱਟਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਝੜਪ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਉਹਨਾਂ ਦੇ ਪਰਤਣ ਤੋਂ ਬਾਅਦ ਇਹਨਾਂ ਮੌਤਾਂ ਨੂੰ ਲੈਕੇ ਕਾਫੀ ਨਾਰਾਜ਼ਗੀ ਹੈ। ਜ਼ਿਕਰਯੋਗ ਹੈ ਕਿ ਮੋਦੀ ਬੰਗਲਾਦੇਸ਼ ਦੇ 50ਵੇਂ ਸੁਤੰਤਰਤਾ ਦਿਵਸ ਮੌਕੇ ਆਯੋਜਿਤ ਜਸ਼ਨ ਵਿਚ ਸ਼ਾਮਲ ਹੋਣ ਪਹੁੰਚੇ ਸਨ। ਇਸਲਾਮਿਕ ਗੁੱਟਾਂ ਦਾ ਪੀ.ਐੱਮ. ਮੋਦੀ 'ਤੇ ਮੁਸਲਮਾਨਾਂ ਦੇ ਖ਼ਿਲਾਫ਼ ਵਿਤਕਰੇ ਦਾ ਦੋਸ਼ ਹੈ। ਇਸ ਲਈ ਉਹਨਾਂ ਦੀ ਯਾਤਰਾ ਦੌਰਾਨ ਹਿੰਸਾ ਵੱਧ ਗਈ ਸੀ।

ਰਾਜਧਾਨੀ ਢਾਕਾ ਵਿਚ ਸ਼ੁੱਕਰਵਾਰ ਨੂੰ ਦਰਜਨਾਂ ਲੋਕ ਜ਼ਖਮੀ ਹੋ ਗਏ ਜਦੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਸ਼ਨੀਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਚਿਤਗੌਂਗ ਅਤੇ ਢਾਕਾ ਦੀਆਂ ਸੜਕਾਂ 'ਤੇ ਉਤਰੇ। ਉੱਥੇ ਐਤਵਾਰ ਨੂੰ ਹਿਫਾਜਤ-ਏ-ਇਸਲਾਮ ਸੰਗਠਨ ਦੇ ਕਾਰਕੁਨਾਂ ਨੇ ਪੂਰਬੀ ਜ਼ਿਲ੍ਹੇ ਬ੍ਰਾਹਮਣਬਰਿਯਾ ਵਿਚ ਇਕ ਰੇਲਗੱਡੀ 'ਤੇ ਹਮਲਾ ਕਰ ਦਿੱਤਾ, ਜਿਸ ਵਿਚ 10 ਲੋਕ ਜ਼ਖਮੀ ਹੋ ਗਏ। ਇਕ ਪੁਲਸ ਅਫਸਰ ਨੇ ਰਾਇਟਰਜ਼ ਨੂੰ ਦੱਸਿਆ,''ਉਹਨਾਂ ਨੇ ਰੇਲਗੱਡੀ 'ਤੇ ਹਮਲਾ ਕੀਤਾ ਅਤੇ ਉਸ ਦਾ ਇੰਜਣ ਰੂਮ ਅਤੇ ਲੱਗਭਗ ਸਾਰੇ ਕੋਚ ਨੂੰ ਨੁਕਸਾਨ ਪਹੁੰਚਾਇਆ।''

ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ : ਚਰਚ ਦੇ ਬਾਹਰ ਆਤਮਘਾਤੀ ਧਮਾਕਾ, ਸੈਂਕੜੇ ਲੋਕ ਜ਼ਖਮੀ (ਤਸਵੀਰਾਂ)
ਇਕ ਪੱਤਰਕਾਰ ਜਾਵੇਦ ਰਹੀਮ ਨੇ ਦੱਸਿਆ ਕਿ ਬ੍ਰਾਹਮਣਬਰਿਯਾ ਬਲ ਰਿਹਾ ਹੈ। ਕਈ ਸਰਕਾਰੀ ਦਫਤਰਾਂ ਵਿਚ ਅੱਗ ਲਗਾ ਦਿੱਤੀ ਗਈ ਹੈ। ਪ੍ਰੈੱਸ ਕਲੱਬ 'ਤੇ ਵੀ ਹਮਲਾ ਕਰ ਕੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਸ ਵਿਚ ਕਲੱਬ ਦੇ ਪ੍ਰਧਾਨ ਵੀ ਸ਼ਾਮਲ ਹਨ। ਇੱਥੇ ਡਰ ਅਤੇ ਮਜਬੂਰੀ ਦਾ ਮਾਹੌਲ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            