ਸ੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ ''ਚ

Tuesday, Sep 29, 2026 - 04:23 PM (IST)

ਸ੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ ''ਚ

ਕੋਲੰਬੋ (ਭਾਸ਼ਾ)- :ਸ੍ਰੀਲੰਕਾ ਦੀ ਇੱਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਨਵੇਂ ਮਾਮਲੇ ਵਿੱਚ ਵਿਰੋਧੀ ਧਿਰ ਦੇ ਨੇਤਾ ਨਮਾਲ ਰਾਜਪਕਸ਼ੇ ਨੂੰ 13 ਅਕਤੂਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। 40 ਸਾਲਾ ਨਮਾਲ ਰਾਜਪਕਸ਼ੇ, ਜੋ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਵੱਡੇ ਪੁੱਤਰ ਹਨ, ਨੂੰ 4 ਸਤੰਬਰ ਨੂੰ ਇੱਕ ਵੱਖਰੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਜਾਰੀ ਕੀਤਾ ਗਿਆ ਇਹ ਤੀਜਾ ਰਿਮਾਂਡ ਆਰਡਰ ਹੈ।

'ਕਮਿਸ਼ਨ ਟੂ ਇਨਵੈਸਟੀਗੇਟ ਬ੍ਰਾਈਬਰੀ ਓਰ ਕਰਪਸ਼ਨ' (CIABOC) ਦੇ ਜਾਂਚਕਰਤਾਵਾਂ ਨੇ ਇੱਕ ਭਾਰਤੀ ਕੰਪਨੀ ਨਾਲ ਜੁੜੇ 'ਕ੍ਰਿਸ਼ ਹੋਟਲਜ਼' ਨਿਵੇਸ਼ ਪ੍ਰੋਜੈਕਟ ਵਿੱਚ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਹੈ। ਰਿਸ਼ਵਤਖ਼ੋਰੀ ਵਿਰੋਧੀ ਕਮਿਸ਼ਨ ਅਨੁਸਾਰ ਤਾਜ਼ਾ ਮਾਮਲਾ ਭਾਰਤੀ ਨਿਵੇਸ਼ ਪ੍ਰੋਜੈਕਟ ਦੇ ਸਥਾਨਕ ਏਜੰਟ ਤੋਂ ਨਮਾਲ ਰਾਜਪਕਸ਼ੇ ਵੱਲੋਂ 7 ਕਰੋੜ ਸ੍ਰੀਲੰਕਾਈ ਰੁਪਏ (ਲਗਭਗ 2 ਕਰੋੜ ਭਾਰਤੀ ਰੁਪਏ) ਦੀ ਰਿਸ਼ਵਤ ਪ੍ਰਾਪਤ ਕਰਨ ਦੇ ਦੋਸ਼ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ 'ਕ੍ਰਿਸ਼ ਹੋਟਲਜ਼' ਦੀ ਚੇਅਰਪਰਸਨ ਜਾਨਕੀ ਸਿਰੀਵਰਧਨੇ ਨੂੰ ਵੀ ਬੀਤੇ ਵੀਰਵਾਰ ਗ੍ਰਿਫ਼ਤਾਰ ਕਰਕੇ 6 ਅਕਤੂਬਰ ਤੱਕ ਰਿਮਾਂਡ 'ਤੇ ਭੇਜਿਆ ਗਿਆ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਜਾਨਕੀ ਨੇ ਪ੍ਰੋਜੈਕਟ ਲਈ ਜ਼ਰੂਰੀ ਪ੍ਰਵਾਨਗੀਆਂ ਹਾਸਲ ਕਰਨ ਬਦਲੇ ਨਮਾਲ ਨੂੰ ਕਈ ਵਾਰ ਰਿਸ਼ਵਤ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਰਗਬੀ ਖਿਡਾਰੀ ਰਹੇ ਨਮਾਲ ਰਾਜਪਕਸ਼ੇ ਕੋਲੋਂ 2016 ਵਿੱਚ ਵੀ ਪੁੱਛਗਿੱਛ ਕੀਤੀ ਗਈ ਸੀ ਅਤੇ ਰਗਬੀ ਨੂੰ ਬੜਾਵਾ ਦੇਣ ਦੇ ਨਾਂ 'ਤੇ ਕ੍ਰਿਸ਼ ਪ੍ਰੋਜੈਕਟ ਦੇ ਫੰਡਾਂ ਦੀ ਗ਼ਲਤ ਵਰਤੋਂ ਦਾ ਮਾਮਲਾ ਦਰਜ ਕੀਤਾ ਗਿਆ ਸੀ।\

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਨੂੰ ਲੈ ਕੇ ਕੈਨੇਡੀਅਨ PM ਨੇ ਦੇ'ਤਾ ਬੇਤੁਕਾ ਬਿਆਨ !

ਨਮਾਲ ਰਾਜਪਕਸ਼ੇ 4 ਸਤੰਬਰ ਤੋਂ ਹੀ ਰਿਮਾਂਡ 'ਤੇ ਹਨ, ਜਦੋਂ ਉਨ੍ਹਾਂ ਨੂੰ 2013 ਵਿੱਚ 'ਸ੍ਰੀਲੰਕਨ ਏਅਰਲਾਈਨਜ਼' ਲਈ ਏਅਰਬੱਸ ਜਹਾਜ਼ਾਂ ਦੀ ਖ਼ਰੀਦ ਵਿੱਚ 2 ਮਿਲੀਅਨ ਅਮਰੀਕੀ ਡਾਲਰ (ਲਗਭਗ 19 ਕਰੋੜ ਰੁਪਏ) ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਇੱਕ ਹਫ਼ਤੇ ਬਾਅਦ ਉਸੇ ਏਅਰਬੱਸ ਡੀਲ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਦੂਜਾ ਰਿਮਾਂਡ ਆਰਡਰ ਜਾਰੀ ਕੀਤਾ ਗਿਆ ਸੀ। ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ।

ਨਮਾਲ ਰਾਜਪਕਸ਼ੇ ਦੀ ਪਾਰਟੀ 'ਸ੍ਰੀਲੰਕਾ ਪੋਦੂਜਨ ਪੇਰਾਮੁਨਾ' (SLPP) ਨੇ ਸਰਕਾਰ 'ਤੇ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਨਿਸ਼ਾਨਾ ਬਣਾਉਣ ਅਤੇ ਝੂਠੇ ਕੇਸਾਂ 'ਚ ਫਸਾਉਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਦੋ ਸਾਲ ਪਹਿਲਾਂ ਸੱਤਾ 'ਚ ਆਈ 'ਨੈਸ਼ਨਲ ਪੀਪਲਜ਼ ਪਾਵਰ' (NPP) ਸਰਕਾਰ ਬਣਨ ਤੋਂ ਬਾਅਦ ਰਾਜਪਕਸ਼ੇ ਪਰਿਵਾਰ ਦੇ ਕਿਸੇ ਮੈਂਬਰ ਦਾ ਇਹ ਪਹਿਲਾ ਰਿਮਾਂਡ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਰੋਧੀ ਨੇਤਾਵਾਂ ਵਿਰੁੱਧ ਕਾਰਵਾਈ 2024 ਦੀਆਂ ਚੋਣਾਂ ਵਿੱਚ ਜਨਤਕ ਜੀਵਨ ਨੂੰ ਸਾਫ਼-ਸੁਥਰਾ ਬਣਾਉਣ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਿੱਤੇ ਗਏ ਵਚਨ ਦੇ ਮੁਤਾਬਕ ਹੈ। ਨਮਾਲ ਦੇ ਪਰਿਵਾਰਕ ਮੈਂਬਰਾਂ ਅਤੇ ਭਰਾਵਾਂ 'ਤੇ ਵੀ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਪਰਿਵਾਰ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਦੇ ਚਚੇਰੇ ਭਰਾ ਸ਼ਸ਼ੀਂਦਰ ਰਾਜਪਕਸ਼ੇ ਵੀ ਇਸੇ ਸਾਲ ਰਿਮਾਂਡ 'ਤੇ ਰਹਿਣ ਤੋਂ ਬਾਅਦ ਫਿਲਹਾਲ ਜ਼ਮਾਨਤ 'ਤੇ ਬਾਹਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News