ਪਾਕਿ: ਕਰਾਚੀ ''ਚ ਰਹੱਸਮਈ ਜ਼ਹਿਰੀਲੀ ਗੈਸ ਕਾਰਨ 11 ਲੋਕਾਂ ਦੀ ਮੌਤ

02/18/2020 3:37:48 PM

ਕਰਾਚੀ(ਪੀ.ਟੀ.ਆਈ.)- ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿਚ ਇਕ ਰਹੱਸਮਈ ਜ਼ਹਿਰੀਲੀ ਗੈਸ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਬਿਮਾਰ ਹੋ ਗਏ ਹਨ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।

ਅਧਿਕਾਰੀਆਂ ਨੂੰ ਘਟਨਾ ਬਾਰੇ ਉਸ ਵੇਲੇ ਸੁਚੇਤ ਕੀਤਾ ਗਿਆ ਜਦੋਂ ਐਤਵਾਰ ਰਾਤ ਕਰਾਚੀ ਦੇ ਕੈਮਰੀ ਖੇਤਰ ਦੇ ਵਸਨੀਕਾਂ ਨੂੰ ਸਾਹ ਸਬੰਧੀ ਮੁਸ਼ਕਲਾਂ ਕਾਰਨ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਸ਼ੁਰੂ ਕੀਤਾ ਗਿਆ। ਇਸ ਜ਼ਹਿਰੀਲੀ ਗੈਸ ਦੇ ਲੀਕ ਹੋਣ ਦਾ ਸਰੋਤ ਮੰਗਲਵਾਰ ਤੱਕ ਅਸਪੱਸ਼ਟ ਰਿਹਾ। ਡਾਨ ਅਖਬਾਰ ਦੀ ਖਬਰ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ 11 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਆਉਦੀਨ ਹਸਪਤਾਲ ਦੇ ਬੁਲਾਰੇ ਅਮੀਰ ਸ਼ਹਿਜ਼ਾਦ ਨੇ ਅਖਬਾਰ ਨੂੰ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਹਸਪਤਾਲ ਦੇ ਕੈਮਰੀ ਇਲਾਕੇ ਵਿਚ 9 ਮੌਤਾਂ ਹੋਈਆਂ। ਪੁਲਸ ਮੁਤਾਬਕ ਦੋ ਹੋਰ ਮੌਤਾਂ ਕੁਤੀਆਣਾ ਹਸਪਤਾਲ ਵਿਖੇ ਹੋਈਆਂ। ਇਸ ਤੋਂ ਇਲਾਵਾ ਦਰਜਨਾਂ ਹੋਰਨਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦਾਖਲ ਕਰਵਾਇਆ ਗਿਆ ਹੈ। ਕਰਾਚੀ ਦੇ ਥਾਣਾ ਮੁਖੀ ਗੁਲਾਮ ਨਬੀ ਮੇਮਨ ਨੇ ਕਿਹਾ ਕਿ ਅਸੀਂ ਅਜੇ ਵੀ ਘਟਨਾ ਦੇ ਸੰਭਾਵਤ ਕਾਰਨਾਂ ਤੋਂ ਅਣਜਾਣ ਹਾਂ। ਉਹਨਾਂ ਹਾਲਾਂਕਿ ਕਿਹਾ ਕਿ ਡਾਕਟਰਾਂ ਨਾਲ ਤਾਲਮੇਲ ਕਰਦਿਆਂ ਸੀਨੀਅਰ ਪੁਲਸ ਅਧਿਕਾਰੀ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਕਰਾਚੀ ਦੇ ਕਮਿਸ਼ਨਰ ਇਫਤਿਖਾਰ ਸ਼ਲਵਾਨੀ ਨੇ ਕਿਹਾ ਕਿ ਇਕ ਸਮੁੰਦਰੀ ਜਹਾਜ਼, ਜੋ ਸੋਇਆਬੀਨ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥਾਂ ਨਾਲ ਭਰਿਆ ਸੀ, ਜ਼ਹਿਰੀਲੀ ਗੈਸ ਦਾ ਸੰਭਾਵਤ ਕਾਰਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਸਮੁੰਦਰੀ ਜਹਾਜ਼ 'ਚੋਂ ਸਮਾਨ ਕੱਢ ਲਿਆ ਜਾਂਦਾ ਹੈ ਤਾਂ ਇਸ ਗੰਧ ਵੀ ਵਧ ਜਾਂਦੀ ਹੈ। ਸਮੁੰਦਰੀ ਮਾਮਲਿਆਂ ਦੇ ਮੰਤਰੀ ਅਲੀ ਜ਼ੈਦੀ ਨੇ ਇਸ ਰਿਪੋਰਟ ਨੂੰ ਖਾਰਜ ਦਿੱਤਾ ਕਿਉਂਕਿ ਜਹਾਜ਼ ਦਾ ਚਾਲਕ ਦਲ ਬਿਲਕੁੱਲ ਠੀਕ ਸੀ। ਏ.ਆਰ.ਵਾਈ. ਨਿਊਜ਼ ਨੇ ਦੱਸਿਆ ਕਿ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਰਾਚੀ ਪੁਲਸ ਦੇ ਕਮਿਸ਼ਨਰ ਨੂੰ ਪਹਿਲ ਦੇ ਅਧਾਰ 'ਤੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।


Baljit Singh

Content Editor

Related News