ਮਿਆਂਮਾਰ 'ਚ ਬਿਊਟੀ ਕੁਈਨ ਨੇ ਵੀ ਫ਼ੌਜ ਖ਼ਿਲਾਫ਼ ਚੁੱਕੇ ਹਥਿਆਰ, ਕਿਹਾ-ਸੰਘਰਸ਼ ਕਰਨ ਤੋਂ ਨਹੀਂ ਹਟਾਂਗੀ ਪਿੱਛੇ
Saturday, May 15, 2021 - 05:48 PM (IST)
ਇੰਟਰਨੈਸ਼ਨਲ ਡੈਸਕ : ਮਿਆਂਮਾਰ ’ਚ ਫੌਜੀ ਤਖਤਾ ਪਲਟ ਨੂੰ ਤਕਰੀਬਨ 100 ਦਿਨ ਹੋ ਗਏ ਹਨ। ਉਥੇ ਫੌਜ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨੋ ਵਧਦੀ ਜਾ ਰਹੀ ਹੈ। ਇਸੇ ’ਚ ਹੁਣ ਨਵਾਂ ਨਾਂ 32 ਸਾਲਾ ਬਿਊਟੀ ਕੁਈਨ ਦਾ ਜੁੜ ਗਿਆ ਹੈ। ਉਸ ਨੇ ਵੀ ਫੌਜ ਖ਼ਿਲਾਫ ਹਥਿਆਰ ਚੁੱਕ ਲਏ ਹਨ। ਉਹ ਫੌਜ ਖ਼ਿਲਾਫ਼ ਜੰਗ ’ਚ ਸਥਾਨਕ ਸਮੂਹਾਂ ਨਾਲ ਜੁੜ ਗਈ ਹੈ। 2013 ’ਚ ਪਹਿਲਾਂ ਮਿਸ ਗ੍ਰੈਂਡ ਇੰਟਰਨੈਸ਼ਨਲ ਬਿਊਟੀ ਪੇਜੈਂਟ ’ਚ ਮਿਆਂਮਾਰ ਦੀ ਅਗਵਾਈ ਕਰਨ ਵਾਲੀ ਤਾਰ ਤੇਤ ਤੇਤ ਨੇ ਅਸਾਲਟ ਰਾਈਫਲ ਦੇ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ। ਉਸ ਨੇ ਲਿਖਿਆ ਕਿ ਕ੍ਰਾਂਤੀ ਸੇਬ ਵਾਂਗ ਨਹੀਂ ਹੈ, ਜੋ ਤਿਆਰ ਹੋਣ ਤੋਂ ਬਾਅਦ ਡਿਗ ਜਾਂਦਾ ਹੈ। ਸਾਨੂੰ ਲੜਨਾ ਪਵੇਗਾ ਤੇ ਯਕੀਨੀ ਤੌਰ ’ਤੇ ਜਿੱਤਣਾ ਪਵੇਗਾ। ਉਸ ਨੇ ਅੱਗੇ ਲਿਖਿਆ ਕਿ ਇਕ ਵਾਰ ਫਿਰ ਤੋਂ ਲੜਨ ਦਾ ਸਮਾਂ ਵਾਪਸ ਆ ਗਿਆ ਹੈ। ਚਾਹੇ ਤੁਸੀਂ ਇਕ ਹਥਿਆਰ, ਕਲਮ, ਕੀ-ਬੋਰਡ ਰੱਖੋ ਜਾਂ ਲੋਕਤੰਤਰ ਸਮਰਥਕ ਅੰਦੋਲਨ ਲਈ ਪੈਸੇ ਦਾਨ ਕਰੋ।
ਹਰ ਕਿਸੇ ਨੂੰ ਸਫਲ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਸੰਘਰਸ਼ ਜਾਰੀ ਰੱਖਾਂਗੀ। ਮੈਂ ਆਪਣਾ ਜੀਵਨ ਵੀ ਬਲੀਦਾਨ ਕਰਨ ਲਈ ਤਿਆਰ ਹਾਂ। ਮੰਨਿਆ ਜਾਂਦਾ ਹੈ ਕਿ ਉਸ ਦੀ ਅਪੀਲ ਤੋਂ ਬਾਅਦ ਫੌਜ ਦੇ ਖ਼ਿਲਾਫ਼ ਲੜਾਈ ’ਚ ਕਾਫ਼ੀ ਲੋਕ ਸਮੂਹਾਂ ’ਚ ਜੁੜ ਸਕਦੇ ਹਨ। ਤਾਰ ਤੇਤ ਤੇਤ ਨੇ 8 ਸਾਲ ਪਹਿਲਾਂ 60 ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ ਬਿਊਟੀ ਕੁਈਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਫੌਜ ਖਿਲਾਫ਼ ਪਹਿਲਾਂ ਵੀ ਕਰ ਚੁੱਕੀ ਆਵਾਜ਼ ਬੁਲੰਦ
ਇਹ ਉਹੀ ਤਾਰ ਤੇਤ ਤੇਤ ਹੈ, ਜਿਸ ਨੇ 2013 ’ਚ ਸੁੰਦਰਤਾ ਮੁਕਾਬਲੇ ਦੌਰਾਨ ਫੌਜ ਦੇ ਕਥਿਤ ਅੱਤਿਆਚਾਰਾਂ ’ਤੇ ਭਾਸ਼ਣ ਰਾਹੀਂ ਪੂਰੀ ਦੁਨੀਆ ਦਾ ਧਿਆਨ ਆਪਣੇ ਦੇਸ਼ ਦੇ ਖਰਾਬ ਹਾਲਾਤ ਵੱਲ ਖਿੱਚਿਆ ਸੀ। ਫਿਲਹਾਲ ਉਹ ਜਿਮਨਾਸਟਿਕ ਦੀ ਟ੍ਰੇਨਿੰਗ ਦਿੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਮਿਆਂਮਾਰ ’ਚ ਫੌਜੀ ਤਖਤਾਪਲਟ ਤੋਂ ਬਾਅਦ ਹੁਣ ਤਕ ਤਕਰੀਬਨ 800 ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।