ਮੂਲਰ ਨੇ ਰੂਸੀ ਦਖਲ ਦੀ ਜਾਂਚ ਕੀਤੀ ਪੂਰੀ, ਰਿਪੋਰਟ ਅਮਰੀਕੀ ਅਟਾਰਨੀ ਜਨਰਲ ਨੂੰ ਸੌਂਪੀ
Saturday, Mar 23, 2019 - 04:10 PM (IST)

ਵਾਸ਼ਿੰਗਟਨ (ਭਾਸ਼ਾ)- ਵਿਸ਼ੇਸ਼ ਬੁਲਾਰੇ ਰਾਬਰਟ ਮੂਲਰ ਨੇ ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੇ ਦਖਲ ਅਤੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਵਿਚ ਉਸ ਦੀ ਮਿਲੀਭਗਤ ਦੇ ਦੋਸ਼ਾਂ ਦੀ ਤਕਰੀਬਨ ਦੋ ਸਾਲ ਦੀ ਜਾਂਚ 'ਤੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਰਿਪੋਰਟ ਸੌਂਪ ਦਿੱਤੀ ਹੈ। ਨਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੂਲਰ ਦੀ ਰਿਪੋਰਟ ਵਿਚ ਅੱਗੇ ਕਿਸੇ ਹੋਰ 'ਤੇ ਦੋਸ਼ ਚਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਗਈ। ਐਫ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਮੂਲਰ ਨੇ 22 ਮਹੀਨੇ ਦੀ ਜਾਂਚ ਦੌਰਾਨ ਤਿੰਨ ਕੰਪਨੀਆਂ ਅਤੇ 34 ਲੋਕਾਂ 'ਤੇ ਅਪਰਾਧਕ ਦੋਸ਼ ਲਗਾਏ ਜਿਨ੍ਹਾਂ ਵਿਚੋਂ 7 ਨੇ ਦੋਸ਼ ਕਬੂਲ ਕਰ ਲਏ ਅਤੇ ਇਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਤੋਂ ਵੀ ਸਵਾਲ ਕੀਤੇ ਜਿਸ ਦਾ ਉਨ੍ਹਾਂ ਨੇ ਲਿਖਤੀ ਜਵਾਬ ਦਿੱਤਾ।
ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨੇ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਮੂਲਰ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਨੂੰ ਰਿਪੋਰਟ ਸੌਂਪੀ। ਬਾਰ ਨੇ ਕਾਂਗਰਸ ਦੇ ਨੇਤਾਵਾਂ ਨੂੰ ਦੱਸਿਆ ਕਿ ਉਹ ਜਿੰਨਾ ਸੰਭਵ ਹੋ ਸਕੇ ਉਨਾ ਛੇਤੀ ਇਸ ਹਫਤੇ ਦੇ ਅਖੀਰ ਤੱਕ ਇਸ ਦੀ ਪੂਰੀ ਰਿਪੋਰਟ ਸੌਂਪ ਸਕਦੇ ਹਨ। ਟਰੰਪ ਲਗਾਤਾਰ ਇਹ ਦਾਅਵਾ ਕਰਦੇ ਰਹੇ ਹਨ ਕਿ ਉਹ ਬਦਕਿਸਮਤੀ ਨਾਲ ਨਿਸ਼ਾਨਾ ਬਣਾਏ ਜਾਣ ਦੇ ਪੀੜਤ ਹਨ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਅਤੇ ਰੂਸ ਵਿਚਾਲੇ ਕੋਈ ਮਿਲੀਭੁਗਤ ਨਹੀਂ ਸੀ। ਇਸ ਘਟਨਾਕ੍ਰਮ 'ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਅਗਲਾ ਕਦਮ ਅਟਾਰਨੀ ਜਨਰਲ ਬਾਰ 'ਤੇ ਨਿਰਭਰ ਕਰਦਾ ਹੈ ਅਤੇ ਅਸੀਂ ਕਾਰਵਾਈ ਦਾ ਇੰਤਜ਼ਾਰ ਕਰਨਗੇ। ਵ੍ਹਾਈਟ ਹਾਊਸ ਨੂੰ ਖਾਸ ਬੁਲਾਰੇ ਦੀ ਰਿਪੋਰਟ ਨਹੀਂ ਮਿਲੀ ਹੈ ਜਾਂ ਨਾ ਹੀ ਉਸ ਦੇ ਬਾਰੇ ਵਿਚ ਦੱਸਿਆ ਗਿਆ ਹੈ।