ਮਾਂ ਨੇ ਇਕ 'ਨੋਟ' ਨਾਲ ਕਲੀਨਿਕ 'ਚ ਛੱਡਿਆ ਸੱਤ ਦਿਨਾਂ ਦਾ ਬੱਚਾ, ਬਣਿਆ ਚਰਚਾ ਦਾ ਵਿਸ਼ਾ

Friday, Apr 14, 2023 - 10:20 AM (IST)

ਮਾਂ ਨੇ ਇਕ 'ਨੋਟ' ਨਾਲ ਕਲੀਨਿਕ 'ਚ ਛੱਡਿਆ ਸੱਤ ਦਿਨਾਂ ਦਾ ਬੱਚਾ, ਬਣਿਆ ਚਰਚਾ ਦਾ ਵਿਸ਼ਾ

ਰੋਮ- ਇਟਲੀ ਤੋਂ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਟਲੀ ਦੀ ਰਾਜਧਾਨੀ ਰੋਮ ਦੇ ਇੱਕ ਕਲੀਨਿਕ ਵਿੱਚ ਇੱਕ ਮਾਂ ਆਪਣੇ ਨਵਜੰਮੇ ਬੱਚੇ ਨੂੰ ਛੱਡ ਗਈ। ਉਸ ਨੇ ਬੱਚੇ ਨੇੜੇ ਇੱਕ ਹੱਥ ਲਿਖਤ ਨੋਟ ਵੀ ਛੱਡਿਆ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਔਰਤ ਨੇ ਨੋਟ 'ਚ ਲਿਖਿਆ ਕਿ ਉਸ ਦਾ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਉਸ ਦੇ ਸਾਰੇ ਮੈਡੀਕਲ ਟੈਸਟ ਹੋ ਚੁੱਕੇ ਹਨ।

ਇਟਲੀ ਦੇ ਸਥਾਨਕ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ ਈਸਟਰ ਐਤਵਾਰ ਨੂੰ ਔਰਤ ਨੇ ਰੋਮ ਦੇ ਮਿਲਾਨ ਸ਼ਹਿਰ ਦੇ ਇੱਕ ਕਲੀਨਿਕ ਵਿੱਚ ਆਪਣੇ ਨਵਜੰਮੇ ਮੰੁਡੇ ਨੂੰ ਛੱਡ ਦਿੱਤਾ। ਉਸ ਨੇ ਨੋਟ ਵਿੱਚ ਬੱਚੇ ਦਾ ਨਾਮ ਏਨੀਆ ਲਿਖਿਆ ਸੀ। ਉਸ ਨੇ ਨੋਟ 'ਚ ਅੱਗੇ ਲਿਖਿਆ ਕਿ 'ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਹਸਪਤਾਲ ਵਿੱਚ ਇਸ ਦੇ ਸਾਰੇ ਟੈਸਟ ਕੀਤੇ ਗਏ ਹਨ ਅਤੇ ਸਭ ਠੀਕ ਹੈ। ਜ਼ਿਕਰਯੋਗ ਹੈ ਕਿ ਅਜਿਹੀ ਹੀ ਇੱਕ ਘਟਨਾ ਬੁੱਧਵਾਰ ਨੂੰ ਵੀ ਵਾਪਰੀ, ਜਿੱਥੇ ਇੱਕ ਔਰਤ ਆਪਣੀ ਨਵਜੰਮੀ ਧੀ ਨੂੰ ਮਿਲਾਨ ਦੇ ਇੱਕ ਹਸਪਤਾਲ ਵਿੱਚ ਛੱਡ ਗਈ। ਇਹ ਤਿੰਨ ਦਿਨਾਂ ਵਿੱਚ ਰੋਮ ਦੇ ਉੱਤਰ ਵਿੱਚ ਸਥਿਤ ਸ਼ਹਿਰ ਮਿਲਾਨ ਵਿੱਚ ਆਪਣੀ ਕਿਸਮ ਦਾ ਦੂਜਾ ਮਾਮਲਾ ਹੈ।

ਇੱਕ ਖਸਤਾ ਹਾਲ ਗੋਦਾਮ ਵਿੱਚ ਦਿੱਤਾ ਬੱਚੀ ਨੂੰ ਜਨਮ 

ਇੱਕ 37 ਸਾਲਾ ਔਰਤ ਨੇ ਇੱਕ ਖਸਤਾ ਹਾਲ ਗੋਦਾਮ ਵਿੱਚ ਆਪਣੀ ਬੱਚੀ ਨੂੰ ਜਨਮ ਦਿੱਤਾ। ਔਰਤ ਦਾ ਆਪਣਾ ਕੋਈ ਘਰ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਜਾਣਕਾਰ ਸੀ। ਬੱਚੀ ਨੂੰ ਜਨਮ ਦੇਣ ਤੋਂ ਬਾਅਦ, ਉਹ ਪੁਲਸ ਦੇ ਨਾਲ ਮਿਲਾਨ ਦੇ ਬਾਜੀ ਹਸਪਤਾਲ ਪਹੁੰਚੀ ਅਤੇ ਉਸ ਨੂੰ ਉੱਥੇ ਛੱਡੇ ਗਏ ਬੱਚਿਆਂ ਲਈ ਬਣੀ ਇੱਕ ਜਗ੍ਹਾ 'ਤੇ ਛੱਡ ਦਿੱਤਾ। ਔਰਤ ਨੇ ਆਪਣੀ ਧੀ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਕੋਈ ਨਾਂ ਵੀ ਨਹੀਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਹ ਬਿਲਕੁਲ ਤੰਦਰੁਸਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਮਾਂ ਦੀ ਸ਼ਿਕਾਇਤ ਕਰਨ ਲਈ ਬੱਚੇ ਨੇ ਛੱਡਿਆ ਘਰ, ਚਲਾਈ 130 KM ਤੱਕ ਸਾਈਕਲ, ਹੋਇਆ ਬੇਹੋਸ਼

ਛੱਡੇ ਗਏ ਨਵਜੰਮੇ ਬੱਚਿਆਂ ਲਈ ਇਟਲੀ ਸਰਕਾਰ ਦੇ ਯਤਨ

ਇਟਲੀ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਪਰਵਾਸੀ ਔਰਤਾਂ ਜਾਂ ਗਰੀਬ ਔਰਤਾਂ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੈ, ਆਪਣੇ ਨਵਜੰਮੇ ਬੱਚਿਆਂ ਨੂੰ ਛੱਡ ਜਾਂਦੀਆਂ ਹਨ। ਪਹਿਲਾਂ ਲੋਕ ਅਣਚਾਹੇ ਨਵਜੰਮੇ ਬੱਚਿਆਂ ਨੂੰ ਕੂੜੇ ਦੇ ਢੇਰ ਵਿੱਚ ਛੱਡ ਦਿੰਦੇ ਸਨ, ਜਿਸ ਕਾਰਨ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਸੀ। ਛੱਡੇ ਗਏ ਨਵਜੰਮੇ ਬੱਚਿਆਂ ਦੀ ਮੌਤ ਦੇ ਮੱਦੇਨਜ਼ਰ, ਇਟਲੀ ਦੀ ਸਰਕਾਰ ਨੇ ਸ਼ਹਿਰਾਂ ਵਿੱਚ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਅਜਿਹੇ ਪ੍ਰਬੰਧ ਕੀਤੇ ਹਨ ਜਿੱਥੇ ਅਣਚਾਹੇ ਨਵਜੰਮੇ ਬੱਚਿਆਂ ਨੂੰ ਰੱਖਿਆ ਜਾ ਸਕਦਾ ਹੈ। ਹੁਣ ਮਾਵਾਂ ਆਪਣੇ ਅਣਚਾਹੇ ਨਵਜੰਮੇ ਬੱਚਿਆਂ ਨੂੰ ਇਨ੍ਹਾਂ ਹਸਪਤਾਲਾਂ ਜਾਂ ਕਲੀਨਿਕਾਂ ਵਿੱਚ ਛੱਡ ਦਿੰਦੀਆਂ ਹਨ। ਛੱਡੇ ਗਏ ਨਵਜੰਮੇ ਬੱਚਿਆਂ ਨੂੰ ਹਸਪਤਾਲਾਂ ਤੋਂ ਵੀ ਗੋਦ ਲਿਆ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News