ਅਲਬਰਟਾ : ਘਰ ''ਚ ਅੱਗ ਲੱਗਣ ਕਾਰਨ ਮਾਂ-ਪੁੱਤ ਦੀ ਮੌਤ

Thursday, Jan 28, 2021 - 04:59 PM (IST)

ਅਲਬਰਟਾ : ਘਰ ''ਚ ਅੱਗ ਲੱਗਣ ਕਾਰਨ ਮਾਂ-ਪੁੱਤ ਦੀ ਮੌਤ

ਅਡਮਿੰਟਨ- ਅਲਬਰਟਾ ਦੇ ਐਵਨਸਬਰਗ ਵਿਚ ਮੰਗਲਵਾਰ ਤੜਕੇ ਇਕ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ ਇਕ ਜਨਾਨੀ ਤੇ ਉਸ ਦੇ ਪੁੱਤ ਦੀ ਮੌਤ ਹੋ ਗਈ। ਬੁੱਧਵਾਰ ਦੁਪਹਿਰ ਨੂੰ ਇਸ ਖ਼ਬਰ ਦੀ ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਹੈ। ਪੁਲਸ ਮੁਤਾਬਕ ਇਸ ਘਰ ਵਿਚ ਤੜਕੇ 3 ਵਜੇ ਅੱਗ ਲੱਗ ਗਈ ਤੇ ਘਰ ਵਿਚ ਮਾਂ-ਪੁੱਤ ਸਣੇ ਦੋ ਬਜ਼ੁਰਗ ਵਿਅਕਤੀ ਵੀ ਮੌਜੂਦ ਸਨ । ਪੁਲਸ ਦੋ ਬਜ਼ੁਰਗਾਂ ਨੂੰ ਘਰ ਵਿਚੋਂ ਬਾਹਰ ਕੱਢਣ ਵਿਚ ਸਫ਼ਲ ਰਹੀ ਪਰ ਮਾਂ-ਪੁੱਤ ਨੂੰ ਬਚਾਇਆ ਨਾ ਜਾ ਸਕਿਆ। 

ਪੁਲਸ ਨੂੰ ਬਾਅਦ ਵਿਚ 50 ਸਾਲਾ ਜਨਾਨੀ ਤੇ ਉਸ ਦੇ 16 ਸਾਲਾ ਪੁੱਤਰ ਦੀਆਂ ਲਾਸ਼ਾਂ ਮਿਲੀਆਂ। ਘਰ ਵਿਚ ਅੱਗ ਕਿਵੇਂ ਲੱਗੀ ਅਜੇ ਇਸ ਬਾਰੇ ਜਾਂਚ ਚੱਲ ਰਹੀ ਹੈ ਤੇ ਪੁਲਸ ਨੇ ਲੋਕਾਂ ਕੋਲੋਂ ਪਰਿਵਾਰ ਸਬੰਧੀ ਪੁੱਛ-ਪੜਤਾਲ ਕੀਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਲੱਗੀ ਅੱਗ ਨੂੰ ਕਾਬੂ ਕਰਨ ਵਿਚ ਲਗਭਗ 6 ਘੰਟਿਆਂ ਦਾ ਸਮਾਂ ਲੱਗਾ। ਘਰ ਦਾ ਮਲਬਾ ਚੁੱਕਣ ਵਿਚ ਵੀ ਕਾਫੀ ਸਮਾਂ ਲੱਗਾ। ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਇਸ ਹਾਦਸੇ ਕਾਰਨ ਬਹੁਤ ਦੁਖੀ ਹਨ। 


author

Lalita Mam

Content Editor

Related News