ਤਾਲਾਬੰਦੀ ਦੇ ਡਰੋਂ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ ਹਨ ਇਟਲੀ ਦੇ ਬਹੁਤੇ ਭਾਰਤੀ

Saturday, Dec 04, 2021 - 12:25 AM (IST)

ਤਾਲਾਬੰਦੀ ਦੇ ਡਰੋਂ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ ਹਨ ਇਟਲੀ ਦੇ ਬਹੁਤੇ ਭਾਰਤੀ

ਰੋਮ (ਬਿਊਰੋ)- ਕੋਵਿਡ-19 ਦਾ ਨਵਾਂ ਰੂਪ ਓਮੀਕਰੋਨ ਸਾਰੀ ਦੁਨੀਆਂ ਨੂੰ ਇੱਕ ਵਾਰ ਫਿਰ ਜ਼ਿੰਦਗੀ ਤੇ ਮੌਤ ਦੇ ਚੱਕਰ 'ਚ ਉਲਝਾਉਂਦਾ ਨਜ਼ਰੀ ਆ ਰਿਹਾ ਹੈ ਅਤੇ ਮੌਤ ਦੇ ਇਸ ਚੱਕਰ ਵਿਊ ਤੋਂ ਬਚਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਹਰ ਉਹ ਢੰਗ ਤਰੀਕਾ ਪਹਿਲ ਦੇ ਅਧਾਰ ਤੇ ਅਪਨਾ ਰਹੀਆਂ ਹਨ ਜਿਸ ਨਾਲ ਇਸ ਕੁਦਰਤੀ ਆਫਤ ਤੋਂ ਬਚਿਆ ਜਾ ਸਕੇ। ਜਿਹੜੇ ਦੇਸ਼ਾਂ ਨੇ ਪਹਿਲਾਂ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ ਜਿਸ ਦੇ ਖਮਿਆਜ਼ੇ 'ਚ ਉਨ੍ਹਾਂ ਦੇਸ਼ਾਂ ਨੂੰ ਲੱਖਾਂ ਆਪਣੇ ਦੇਸ਼ ਦੇ ਲੋਕਾਂ ਨੂੰ ਗੁਆ ਪਿਆ ਹੁਣ ਉਹ ਦੇਸ਼ ਪਹਿਲ ਦੇ ਅਧਾਰ ਤੇ ਆਪਣੇ-ਆਪਣੇ ਦੇਸ਼ 'ਚ ਪਾਬੰਦੀਆਂ ਲਗਾਉਣ 'ਚ ਮੋਹਰੀ ਹੋ ਤੁਰੇ ਹਨ। ਜਿਨ੍ਹਾਂ 'ਚ ਇਟਲੀ ਵੀ ਇੱਕ ਹੈ। ਇਟਲੀ ਸਰਕਾਰ ਹਰ ਉਸ ਦੇਸ਼ ਦੇ ਯਾਤਰੀਆਂ ਦੀ ਆਮਦ ਉਪੱਰ ਪਾਬੰਦੀ ਲਗਾਉਣ ਦੇ ਰੋਹ 'ਚ ਹੈ, ਜਿੱਥੇ ਓਮੀਕਰੋਨ ਦੀ ਭਰਮਾਰ ਹੋਣ ਦਾ ਖਦਸਾ ਹੈ। ਦੇਸ਼ 'ਚ ਐਂਟੀ ਕੋਵਿਡ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਭਾਰਤ ਸਰਕਾਰ ਵੀ ਇਸ ਕਾਰਵਾਈ 'ਚ ਪਿੱਛੇ ਨਹੀਂ ਹੈ ਉਸ ਨੇ ਵੀ ਦੇਸ਼ 'ਚ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਸੁੱਰਖਿਆ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ।
ਭਾਰਤ ਸਰਕਾਰ ਨੇ ਜਿੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਓਮੀਕਰੋਨ ਸੰਬਧੀ ਡੂੰਘੀ ਜਾਂਚ ਏਅਰਪੋਰਟਾਂ ਉਪੱਰ ਹੀ ਕਰਨ ਦੇ ਪ੍ਰਬੰਧਾਂ ਨੂੰ ਠਿਕਰੀ ਪਹਿਰੇ ਵਾਂਗਰ ਕਰ ਦਿੱਤਾ ਹੈ 'ਤੇ ਹੀ ਪ੍ਰਵਾਸੀਆਂ ਨੂੰ 14 ਦਿਨ ਦੇ ਇਕਾਂਤਵਾਸ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤਾ ਹੈ। ਪ੍ਰਵਾਸੀ ਭਾਰਤੀਆਂ ਨੂੰ ਭਾਰਤ ਸਰਕਾਰ ਦੀ ਇਸ ਦੁਬਾਰਾ ਕੀਤੀ ਸਖ਼ਤੀ ਨੇ ਇੱਕ ਵਾਰ ਫਿਰ ਸੋਚਣ ਉਪੱਰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਭਾਰਤ ਜਾਣ ਜਾਂ ਨਹੀ ਕਿਉਂਕਿ ਜਦੋਂ ਪਹਿਲਾਂ ਪ੍ਰਵਾਸੀ ਭਾਰਤੀ ਭਾਰਤ ਗਏ ਸਨ ਤਾਂ ਤਾਲਾਬੰਦੀ ਕਾਰਨ ਹਵਾਈ ਉਡਾਣਾ ਬੰਦ ਹੋ ਗਈਆਂ ਸਨ ਤੇ ਉਹ ਵਿਚਾਰੇ ਲੱਖਾਂ ਰੁਪਏ ਲਗਾਕੇ ਮਸਾਂ ਆਪਣੀ ਕਰਮਭੂਮੀ ਉਪੱਰ ਪਹੁੰਚੇ ਸਨ। ਕੁਝ ਸਮਾਂ ਪਹਿਲਾਂ ਕੋਵਿਡ-19 ਦੇ ਘੱਟ ਰਹੇ ਪ੍ਰਭਾਵ ਦੇ ਮੱਦੇ ਨਜ਼ਰ ਭਾਰਤ ਸਰਕਾਰ ਅੰਤਰਰਾਸ਼ਟਰੀ ਹਵਾਈ ਉਡਾਣਾਂ ਚਲਾਉਣ ਦਾ ਐਲਾਨ ਕਰ ਚੁੱਕੀ ਸੀ ਪਰ ਹੁਣ ਉਸ ਐਲਾਨ ਨੂੰ ਵੀ ਸਰਕਾਰ ਨੇ ਰੱਦ ਕਰ ਦਿੱਤਾ ਹੈ। 

ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ


ਇਸ ਸਮੇਂ ਜੇਕਰ ਗੱਲ ਯੂਰਪੀਅਨ ਦੇਸ਼ ਇਟਲੀ ਦੀ ਕੀਤੀ ਜਾਵੇ ਤਾਂ ਇਟਲੀ ਤੇ ਭਾਰਤ ਵਿਚਕਾਰ ਸਰਕਾਰ ਹਵਾਈ ਸੇਵਾ ਨਾਂਹ ਦੇ ਬਰਾਬਰ ਹੈ ਤੇ ਜਿਹੜੇ ਮਾੜੀ ਮੋਟੀ ਚੱਲਦੀ ਵੀ ਹੈ ਘੁੰਮ-ਘੁੰਮਾਕੇ ਉਸ ਦਾ ਵੀ ਪਤਾ ਨਹੀਂ ਸਰਕਾਰ ਕਦੋਂ ਰੋਕ ਦੇਵੇ। ਜਦੋਂ ਦਾ ਦੁਨੀਆਂ 'ਚ ਕੋਵਿਡ-19 ਮੌਤ ਬਣ ਆਇਆ ਹੈ ਤਾਂ ਬਹੁਤੇ ਦੇਸ਼ਾਂ 'ਚ ਹਵਾਈ ਸੇਵਾਵਾਂ ਠੱਪ ਹੋ ਗਈਆਂ ਤੇ ਜਿਹੜੀਆਂ ਪ੍ਰਾਈਵੇਟ ਹਵਾਈ ਸੇਵਾਵਾਂ ਚੱਲਦੀਆਂ ਹਨ ਉਹ ਵੀ ਕਦੇਂ ਕੋਵਿਡ-19 ਦੇ ਨਿਯਮਾਂ ਵਿੱਚ ਤੇ ਕਦੀ ਤਕਨੀਕੀ ਖਰਾਬੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਸੁੱਕਰਗੁਜਾਰ ਹੋਣਾ ਚਾਹੀਦੀ ਉਨ੍ਹਾਂ ਪ੍ਰਾਈਵੇਟ ਹਵਾਈ ਸੇਵਾਵਾਂ ਦਾ ਪ੍ਰਬੰਧ ਕਰਨ ਵਾਲੇ ਹਿੰਮਤੀ ਸਖ਼ਸਾਂ ਦਾ ਜਿਹੜੇ ਕਿ ਬਹੁਤ ਵੱਡਾ ਰਿਸਕ ਲੈਕੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨਾਲ ਮਿਲਾਣ ਦਾ ਸਲਾਂਘਾਯੋਗ ਕਾਰਜ ਕਰ ਰਹੇ ਹਨ ਬੇਸ਼ੱਕ ਕਿ ਇਹ ਉਹਨਾਂ ਦਾ ਕਾਰੋਬਾਰ ਹੈ ਪਰ ਸੋਚਕੇ ਦੇਖੋ ਜੇ ਇਹ ਸੇਵਾਵਾਂ ਨਾ ਹੁੰਦੀਆਂ ਤਾਂ ਕੀ ਹੁੰਦਾ, ਬਹੁਤੇ ਭਾਰਤੀਆਂ ਦਾ ਕਾਰੋਬਾਰ ਉਜੜ ਜਾਣਾ ਸੀ ਤੇ ਕਈ ਨੌਜਵਾਨਾਂ ਦੇ ਨਾ ਵਿਆਹ ਨੇਪੜੇ ਚੜ੍ਹਨੇ ਸੀ ਤੇ ਨਾਂਹਿ ਹੀ ਪਰਿਵਾਰ ਇਟਲੀ ਆਉਣ ਸੀ । ਪ੍ਰਾਈਵੇਟ ਹਵਾਈ ਸੇਵਾਵਾਂ ਦਾ ਪ੍ਰਬੰਧਕ ਕਰਨ ਵਾਲੇ ਸਖ਼ਸਾਂ ਦਾ ਇਹ ਚਾਹੇ ਕਾਰੋਬਾਰ ਹੀ ਹੈ ਪਰ ਜਿਸ ਹਿਮੰਤੇ ਇਰਾਦਿਆਂ ਨਾਲ ਕੀਤਾ ਉਹ ਕਾਬਲੇ ਤਾਰੀਫ਼ ਹੈ ਕਿਉਂਕਿ ਇਹ ਸੇਵਾਵਾਂ ਲੱਖਾਂ ਯੂਰੋ ਦਾ ਪੱਲਿਆ ਪਹਿਲਾਂ ਭੁਗਤਾਨ ਕਰਨ ਉਪੰਰਤ ਹੀ ਸਿਰੇ ਲੱਗਦੀਆਂ ਹਨ ਅਜਿਹੇ 'ਚ ਇਹ ਵੀ ਨਹੀਂ ਪਤਾ ਹੁੰਦਾ ਕਿ ਸਰਕਾਰੀ ਇਜ਼ਾਜ਼ਤ ਮਿਲਣੀ ਹੈ ਜਾਂ ਨਹੀਂ ਕਿਉਂਕਿ ਕੋਵਿਡ-19 ਦੇ ਮੱਦੇ ਨਜ਼ਰ ਪ੍ਰਸ਼ਾਸ਼ਨ ਖੜ੍ਹੇ ਪੈਰ ਵੀ ਇਜ਼ਾਜ਼ਤ ਰੱਦ ਕਰ ਸਕਦਾ ਤੇ ਕੁਝ ਕੇਸਾ ਵਿੱਚ ਅਜਿਹਾ ਹੋਇਆ ਵੀ ਜਿਸ ਕਾਰਨ ਇਨ੍ਹਾਂ ਪ੍ਰਬੰਧਕਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਪਿਆ। ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਇਹ ਪ੍ਰਬੰਧਕਾਂ ਨੂੰ ਇਨ੍ਹਾਂ ਪ੍ਰਾਈਵੇਟ ਸੇਵਾਵਾਂ ਚਲਾਉਣ ਨਾਲ ਮੁਨਾਫ਼ਾ ਨਹੀਂ ਹੋਇਆ ਪਰ ਜਦੋਂ ਕਿਸੇ ਸਰਕਾਰੀ ਹੁਕਮ ਜਾਂ ਤਕਨੀਕੀ ਖਰਾਬੀ ਕਾਰਨ ਉਡਾਣ ਲੇਟ ਜਾਂ ਰੱਦ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਤੇ ਲੋਕਾਂ ਦਾ ਗੁੱਸਾ ਇਹ ਪ੍ਰਬੰਧਕ ਹੀ ਪਿੰਡੇ ਸਹੇੜਦੇ ਹਨ। ਦੂਜੇ ਪਾਸੇ ਇਹ ਗੱਲ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੋਵਿਡ-19 'ਚ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਦੇ ਦੇਸ਼ ਦੀ ਸਰਕਾਰ ਨੇ ਕਿੰਨੀ ਗੰਭੀਰਤਾ ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਅਜਿਹੇ 'ਚ ਜੇ ਇਹ ਵੀ ਸੇਵਾਵਾਂ ਨਾ ਚੱਲਦੀਆਂ ਤਾਂ ਸੋਚੋ ਕੀ ਹੁੰਦਾ ? ਪਹਿਲਾਂ ਕੋਵਿਡ-19 ਦੇ ਪ੍ਰਭਾਵ ਸਾਰੇ ਪਾਸੇ ਘੱਟਣ ਨਾਲ ਇੱਦਾ ਲੱਗਣ ਲੱਗਾ ਸੀ ਕਿ ਹੁਣ ਸਭ ਠੀਕ ਹੋ ਜਾਵੇਗਾ ਪਰ ਹੁਣ ਲੱਗਦਾ ਕਿ ਇੰਨਾ ਸੌਖਾ ਨਹੀਂ ਕੋਰੋਨਾ ਤੋਂ ਪਿੱਛਾ ਛੁਡਾਣਾ। ਮੌਜੂਦਾ ਹਾਲਾਤਾਂ ਮੁਤਾਬਕ ਇਟਲੀ 'ਚ ਰੋਜ਼ਾਨਾ ਵੱਧ ਰਹੀ ਕੋਵਿਡ ਮਰੀਜਾਂ ਦੀ ਗਿਣਤੀ 15000 ਤੋਂ ਉਪੱਰ ਟੱਪਣ ਨਾਲ ਇਟਲੀ ਸਰਕਾਰ ਦਾ ਪਤਾ ਨਹੀਂ ਕਦੋਂ ਦੇਸ਼ ਵਿੱਚ ਤਾਲਾਬੰਦੀ ਵਰਗਾ ਮਾਹੌਲ ਬਣਾ ਦੇਵੇ। 

ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ


ਯੂਰਪ ਭਰ 'ਚ ਕੋਵਿਡ-19 ਦਾ ਪੁਰਾਣੇ ਤੇ ਨਵੇਂ ਰੂਪ ਕਾਰਨ ਹਾਲਤ ਸੁਧਰਣ ਦਾ ਨਾਮ ਨਹੀਂ ਲੈ ਰਹੇ। ਯੂਰਪ 'ਚ ਇਟਲੀ ਤੇ ਸਪੇਨ ਨੂੰ ਛੱਡਕੇ ਬਾਕੀ ਸਾਰਾ ਯੂਰਪ ਲਾਲ ਨਿਸ਼ਾਨ ਵਿੱਚ ਹੈ ਜਦੋਂ ਕਿ ਇਹ ਦੋਨੋਂ ਦੇਸ਼ ਹਾਲੇ ਪੀਲੇ ਨਿਸ਼ਾਨ 'ਚ ਹਨ। ਕੋਵਿਡ-19 ਦੇ ਨਵੇਂ ਰੂਪ ਦੇ ਕਹਿਰ ਕਾਰਨ ਸਭ ਪਾਸੇ ਹਪੜਾ ਦਪੜੀ ਜਿਹੀ ਮੱਚ ਗਈ ਹੈ ਤੇ ਇਸ ਨਾਲ ਨਝਿੱਠਣ ਲਈ ਸਰਕਾਰਾਂ ਲਾਮ-ਲਾਸ਼ਕਰ ਲੈ ਮੈਦਾਨ 'ਚ ਹਨ ਪਰ ਉਨ੍ਹਾਂ ਭਾਰਤੀਆਂ ਨੂੰ ਵੱਡੀ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਜਿਹਨਾਂ ਕਿ ਇਨ੍ਹਾਂ ਦਿਨਾਂ 'ਚ ਜਾਕੇ ਭਾਰਤ ਵਿਆਹ ਕਰਵਾਉਣਾ ਸੀ ਤੇ ਜਾਣ ਲਈ ਟਿਕਟਾਂ ਵੀ ਲੈ ਰੱਖੀਆਂ ਹਨ । ਕੋਵਿਡ-19 ਦੇ ਨਵੇਂ ਰੂਪ ਕਾਰਨ ਭਾਰਤ ਸਰਕਾਰ ਨੇ ਕੀਤੀ ਸਖ਼ਤੀ ਉਨ੍ਹਾਂ ਤਮਾਮ ਭਾਰਤੀਆਂ ਲਈ ਖੱਜ਼ਰ ਖੁਆਰੀ ਦਾ ਸਵੱਬ ਬਣਦੀ ਨਜ਼ਰੀ ਆ ਰਹੀ ਹੈ ਜਿਹੜੇ ਕਿ ਇਨ੍ਹਾਂ ਦਿਨਾਂ 'ਚ ਭਾਰਤ ਆਪਣੇ ਸਾਕ ਸੰਬਧੀਆਂ ਕੋਲ ਜਾ ਰਹੇ ਹਨ । ਦੇਸ਼ 'ਚ ਦਾਖਲ ਹੁੰਦਿਆਂ ਹੀ ਪਹਿਲਾਂ ਉਹਨਾਂ ਨੂੰ 5-6 ਘੰਟੇ ਏਅਰਪੋਰਟ ਉਪੱਰ ਜਾਂਚ ਲਈ ਰੁਕਣਾ ਪਵੇਗਾ ਫਿਰ ਘਰ ਜਾਕੇ ਵੀ ਕਰੀਬ 14 ਦਿਨ ਇਕਾਂਤਵਾਸ ਰਹਿਣਾ ਪਵੇਗਾ। ਅਜਿਹੇ 'ਚ ਉਨ੍ਹਾਂ ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ ਜਿਨ੍ਹਾਂ ਨੇ ਸਿਰਫ਼ ਭਾਰਤ ਵਿਆਹ ਕਰਵਾਉਣ ਹੀ ਜਾਣਾ ਹੈ ਤੇ ਵਿਆਹ ਵੀ ਦਸੰਬਰ ਤੇ ਜਨਵਰੀ 'ਚ ਹੀ ਹੈ। ਵਿਆਹ ਪਹਿਲਾਂ ਹੀ ਮਾਪਿਆਂ ਨੇ ਪੱਕਾ ਕਰ ਰੱਖਿਆ ਤੇ ਸਭ ਪ੍ਰਬੰਧ ਮੁਕੰਮਲ ਹੈ ਹੁਣ ਉੁਡੀਕ ਹੈ ਤਾਂ ਬਸ ਲਾੜੇ ਦੀ ਇਟਲੀ ਤੋਂ ਆਉਣ ਦੀ ਤੇ ਲਾੜੇ ਦੀ ਉਡਾਣ ਵਿਆਹ ਤੋ ਚੰਦ ਦਿਨ ਪਹਿਲਾਂ ਹੀ ਹੋਣੀ ਹੈ ਤੇ ਜੇਕਰ ਉਹ ਭਾਰਤ ਜਾਕੇ ਇਕਾਂਤਵਾਸ ਹੁੰਦਾ ਹੈ ਤਾਂ ਵਿਆਹ ਕਿਵੇਂ ਹੋਵੇਗਾ। ਹੋਰ ਵੀ ਕਈ ਭਾਰਤੀ ਅਜਿਹੇ ਹਨ ਜਿਨ੍ਹਾਂ ਟਿਕਟਾਂ ਪਹਿਲਾਂ ਹੀ ਲੈ ਰੱਖੀਆਂ ਹਨ ਪਰ ਤਾਲਾਬੰਦੀ ਦੇ ਡਰੋਂ ਭਾਰਤ ਜਾਣ ਦੇ ਲਈ ਪ੍ਰੋਗਰਾਮ ਰੱਦ ਕਰਦੇ ਨਜ਼ਰੀ ਆ ਰਹੇ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News