ਮੋਸਾਦ ਦੇ ਸਾਬਕਾ ਏਜੰਟ ਨਾਲ ਬ੍ਰਾਜ਼ੀਲ ਤੋਂ ਫਰਾਰ ਹੋਇਆ ਸੰਸਦ ਮੈਂਬਰ ਦਾ ਬੇਟਾ
Monday, Nov 02, 2026 - 05:09 PM (IST)
ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲ ਦੇ ਸੰਸਦ ਮੈਂਬਰ ਅਤੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਬੇਟੇ ਫਲਾਵਿਓ ਬੋਲਸੋਨਾਰੋ ਦੇ ਦੇਸ਼ ਛੱਡ ਕੇ ਭੱਜਣ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਉਹ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰ ਚੁੱਕੇ ਇਕ ਸਾਬਕਾ ਏਜੰਟ ਨਾਲ ਬ੍ਰਾਜ਼ੀਲ ਤੋਂ ਅਰਜਨਟੀਨਾ ਪਹੁੰਚੇ।
ਰਿਪੋਰਟਾਂ ਮੁਤਾਬਕ, ਫਲਾਵਿਓ ਆਪਣੀ ਪਤਨੀ ਫਰਨਾਂਡਾ ਅਤੇ 2 ਬੇਟੀਆਂ ਨਾਲ ਮੰਗਲਵਾਰ ਨੂੰ ਸੜਕ ਮਾਰਗ ਤੋਂ ਅਰਜਨਟੀਨਾ ਪਹੁੰਚੇ। ਉਨ੍ਹਾਂ ਨੇ ਦੱਖਣੀ ਬ੍ਰਾਜ਼ੀਲ ਦੇ ਫੋਜ ਡੋ ਇਗੁਆਕੂ ਨੂੰ ਅਰਜਨਟੀਨਾ ਦੇ ਪੁਏਰਤੋ ਇਗੁਆਜ਼ੂ ਨਾਲ ਜੋੜਨ ਵਾਲੇ ਟੈਂਕਰੇਡੋ ਨੇਵੇਸ ਅੰਤਰਰਾਸ਼ਟਰੀ ਪੁਲ ਦੇ ਰਸਤੇ ਬਾਰਡਰ ਪਾਰ ਕੀਤਾ।
ਸੁਰੱਖਿਆ ਕੈਮਰਿਆਂ ’ਚ 2 ਵੈਨਾਂ ਅਤੇ ਉਨ੍ਹਾਂ ਦੇ ਚਾਲਕਾਂ ਦੀਆਂ ਤਸਵੀਰਾਂ ਕੈਦ ਹੋਈਆਂ। ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਮੋਸਾਦ ਲਈ ਕੰਮ ਕਰ ਚੁੱਕਾ ਸਾਬਕਾ ਇਜ਼ਰਾਈਲੀ ਖੁਫੀਆ ਅਧਿਕਾਰੀ 19 ਅਕਤੂਬਰ ਨੂੰ ਬ੍ਰਾਜ਼ੀਲ ਪਹੁੰਚਿਆ ਸੀ ਅਤੇ ਬਾਅਦ ’ਚ ਉਸੇ ਵੈਨ ’ਚ ਸਫ਼ਰ ਕੀਤਾ, ਜਿਸ ’ਚ ਬੋਲਸੋਨਾਰੋ ਸਵਾਰ ਸਨ। ਇਸ ਤੋਂ ਬਾਅਦ ਬੋਲਸੋਨਾਰੋ ਪਰਿਵਾਰ ਨੇ ਪੁਏਰਤੋ ਇਗੁਆਜ਼ੂ ਤੋਂ ਗਲਫ਼ਸਟ੍ਰੀਮ ਜੀ400 ਨਿੱਜੀ ਜਹਾਜ਼ ਤੋਂ ਉਡਾਣ ਭਰੀ। ਚਾਰਟਰ ਕੰਪਨੀ ‘ਬਾਇਰਸ ਫਲਾਈ’ ਦਾ ਇਹ ਜਹਾਜ਼ ਈਂਧਨ ਭਰਵਾਉਣ ਲਈ ਇਕਵਾਡੋਰ ਦੇ ਗੁਆਯਾਕਿਲ ’ਚ ਰੁਕਿਆ ਅਤੇ ਬੁੱਧਵਾਰ ਤੜਕੇ ਮਿਆਮੀ ਦੇ ਓਪਾ-ਲੋਕਾ ਐਗਜ਼ੀਕਿਊਟਿਵ ਏਅਰਪੋਰਟ ਪਹੁੰਚਿਆ।
