ਅੱਜ ਤੋਂ ਪੂਰਨ ਲਾਕਡਾਊਨ ! ਸ਼ੇਖ਼ ਹਸੀਨਾ ਦੀ ਵਾਪਸੀ ਤੋਂ ਪਹਿਲਾਂ ਬੰਗਲਾਦੇਸ਼ 'ਚ ਕਾਰਵਾਈ ਤੇਜ਼
Friday, Nov 27, 2026 - 12:01 PM (IST)
ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ 16 ਦਸੰਬਰ ਨੂੰ ਹੋਣ ਵਾਲੀ ਸੰਭਾਵਿਤ ਵਾਪਸੀ ਤੋਂ ਪਹਿਲਾਂ ਦੇਸ਼ ਵਿੱਚ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਦੁਆਰਾ ਵੀ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਢਾਕਾ ਦੇ ਧਾਨਮੰਡੀ-27 ਇਲਾਕੇ ਤੋਂ ਪੁਲਸ ਨੇ ਸ਼ੇਖ਼ ਹਸੀਨਾ ਦੇ ਸਾਬਕਾ ਡਿਪਟੀ ਪ੍ਰੈੱਸ ਸਕੱਤਰ ਕੇ.ਐੱਮ. ਸ਼ਾਖਾਵਤ ਮੂਨ, ਸਾਬਕਾ ਡਿਪਟੀ ਕਮਿਸ਼ਨਰ ਮੁਹੰਮਦ ਇਲਿਆਸ ਹੁਸੈਨ ਅਤੇ ਇਨਕਮ ਟੈਕਸ ਵਕੀਲ ਸੂਫ਼ੀ ਮੁਹੰਮਦ ਅਲ ਮਾਮੂਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਮੀਡੀਆ ਅਨੁਸਾਰ ਸੱਤਾਧਾਰੀ 'ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ' (BNP) ਦੀ ਵਿਦਿਆਰਥੀ ਇਕਾਈ 'ਜਾਤੀਆਤਾਬਾਦੀ ਛੱਤਰ ਦਲ' (JCD) ਦੇ ਨੇਤਾਵਾਂ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਸ ਹਵਾਲੇ ਕੀਤਾ ਸੀ।
ਅਵਾਮੀ ਲੀਗ ਨੇ 27 ਅਤੇ 28 ਨਵੰਬਰ ਨੂੰ ਫੁੱਲ ਲਾਕਡਾਊਨ ਦਾ ਐਲਾਨ ਕੀਤਾ ਹੈ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਕਾਰਕੁਨ ਢਾਕਾ ਵਿਚ ਇਕੱਠੇ ਹੋ ਚੁੱਕੇ ਹਨ। 16 ਦਸੰਬਰ ਦੇ 'ਵਿਜੈ ਦਿਵਸ' 'ਤੇ ਹਸੀਨਾ ਦੀ ਭਾਰਤ ਤੋਂ ਵਾਪਸੀ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ 109 ਪੈਰਾਮਿਲਟਰੀ ਪਲਟੂਨਾਂ ਤੈਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 56 ਪਲਟੂਨਾਂ ਹਸੀਨਾ ਦੇ ਗ੍ਰਹਿ ਜ਼ਿਲ੍ਹੇ ਗੋਪਾਲਗੰਜ ਵਿੱਚ ਲਗਾਈਆਂ ਗਈਆਂ ਹਨ। ਨਵੰਬਰ ਦੇ ਸ਼ੁਰੂ ਤੋਂ ਜਾਰੀ ਸਿਆਸੀ ਹਿੰਸਾ ਵਿੱਚ ਹੁਣ ਤੱਕ ਲਗਭਗ 4 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਰੇਲਗੱਡੀਆਂ, ਬੱਸਾਂ, ਬੈਂਕਾਂ ਅਤੇ 4 ਪੁਲਸ ਥਾਣਿਆਂ ਨੂੰ ਅੱਗ ਲਗਾ ਕੇ ਨਿਸ਼ਾਨਾ ਬਣਾਇਆ ਗਿਆ ਹੈ। ਪੁਲਸ ਨੇ ਇਸ ਹਿੰਸਾ ਦਾ ਦੋਸ਼ ਹਸੀਨਾ ਦੀ ਬੈਨ ਕੀਤੀ ਗਈ ਪਾਰਟੀ 'ਅਵਾਮੀ ਲੀਗ' 'ਤੇ ਲਗਾਇਆ ਹੈ, ਜੋ 29 ਅਤੇ 30 ਨਵੰਬਰ ਲਈ ਆਨਲਾਈਨ ਲਾਕਡਾਊਨ ਦਾ ਪ੍ਰਚਾਰ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਨਾਸ਼ਾਹ ਕਿਮ ਨੇ ਪੁਤਿਨ ਨੂੰ ਦਿੱਤਾ ਵੱਡਾ ਝਟਕਾ ! ਰੋਕ'ਤੀ ਮਿਜ਼ਾਈਲਾਂ ਅਤੇ ਹਥਿਆਰਾਂ ਦੀ ਸਪਲਾਈ
ਸਰਕਾਰੀ ਕਾਰਵਾਈ ਦਾ ਅਸਰ ਪੁਲਸ ਮਹਿਕਮੇ ਤੱਕ ਵੀ ਪਹੁੰਚ ਗਿਆ ਹੈ। "ਦੇਸ਼ ਵਿਰੋਧੀ ਗਤੀਵਿਧੀਆਂ" ਦੇ ਦੋਸ਼ ਹੇਠ ਗਾਜ਼ੀਪੁਰ ਅਤੇ ਨੋਆਖਾਲੀ ਤੋਂ ਐੱਸ.ਪੀ. ਮੁਹੰਮਦ ਅਬੁਲ ਕਲਾਮ ਆਜ਼ਾਦ ਅਤੇ ਅਡੀਸ਼ਨਲ ਐੱਸ.ਪੀ. ਮੁਹੰਮਦ ਰਕੀਬੁਲ ਹਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 14 ਨਵੰਬਰ ਤੋਂ ਹੁਣ ਤੱਕ ਅਜਿਹੇ ਦੋਸ਼ਾਂ 'ਚ 4 ਪੁਲਿਸ ਅਧਿਕਾਰੀ ਗ੍ਰਿਫ਼ਤਾਰ ਹੋ ਚੁੱਕੇ ਹਨ। ਗ੍ਰਹਿ ਮੰਤਰੀ ਸਲਾਹੁੱਦੀਨ ਅਹਿਮਦ ਨੇ ਚੇਤਾਵਨੀ ਦਿੱਤੀ ਹੈ ਕਿ ਸੁਰੱਖਿਆ ਬਲਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੰਢਤੁੱਪ ਜਾਂ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਗਸਤ 2024 ਵਿੱਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਸ਼ੇਖ਼ ਹਸੀਨਾ ਭਾਰਤ ਚਲੀ ਗਈ ਸੀ। ਬੰਗਲਾਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗੈਰ-ਹਾਜ਼ਰੀ 'ਚ ਮੌਤ ਦੀ ਸਜ਼ਾ ਸੁਣਾਈ ਹੈ। ਬੰਗਲਾਦੇਸ਼ ਨੇ ਭਾਰਤ ਤੋਂ ਉਨ੍ਹਾਂ ਦੀ ਸਪੁਰਦਗੀ ਦੀ ਮੰਗ ਕੀਤੀ ਹੈ, ਜਿਸ 'ਤੇ ਭਾਰਤ ਸਰਕਾਰ ਅਨੁਸਾਰ ਕਾਨੂੰਨੀ ਪ੍ਰਕਿਰਿਆ ਤਹਿਤ ਵਿਚਾਰ ਕੀਤਾ ਜਾ ਰਿਹਾ ਹੈ। ਬੀ.ਐੱਨ.ਪੀ. ਦੇ ਕਾਰਜਕਾਰੀ ਜਨਰਲ ਸਕੱਤਰ ਰੂਹੁਲ ਕਬੀਰ ਰਿਜ਼ਵੀ ਨੇ ਇਕ ਗੁਆਂਢੀ ਦੇਸ਼ 'ਤੇ ਬੰਗਲਾਦੇਸ਼ 'ਚ ਅਰਾਜਕਤਾ ਫੈਲਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਇਹ ਬਿਆਨ ਪੱਛਮੀ ਬੰਗਾਲ ਦੇ ਮੰਤਰੀ ਅਰਜੁਨ ਸਿੰਘ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ 16 ਦਸੰਬਰ ਤੱਕ ਬੰਗਲਾਦੇਸ਼ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ। ਰਿਜ਼ਵੀ ਨੇ ਕਿਹਾ ਕਿ ਬੰਗਲਾਦੇਸ਼ੀ ਲੋਕਾਂ ਨੇ ਹਥਿਆਰਾਂ ਨਾਲ ਆਜ਼ਾਦੀ ਲੜੀ ਹੈ ਅਤੇ ਦੇਸ਼ 'ਤੇ ਕਬਜ਼ਾ ਕਰਨਾ ਇੰਨਾ ਆਸਾਨ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
