ਰੂਸ ''ਚ 60 ਫੀਸਦੀ ਸ਼ੱਕੀ ਮੌਤਾਂ ਦਾ ਕਾਰਨ ਕੋਰੋਨਾ ਨਹੀਂ, ਸਿਹਤ ਵਿਭਾਗ ਨੇ ਦੱਸਿਆ ਕਾਰਨ

05/16/2020 12:05:47 PM

ਮਾਸਕੋ- ਕੋਰੋਨਾ ਵਾਇਰਸ ਦਾ ਪ੍ਰਭਾਵ ਤੇਜ਼ੀ ਨਾਲ ਰੂਸ ਵਿਚ ਫੈਲ ਰਿਹਾ ਹੈ, ਇੱਥੇ ਦੇਖਦੇ ਹੀ ਦੇਖਦੇ ਵਾਇਰਸ ਦੇ ਮਾਮਲੇ 2 ਲੱਖ ਤੋਂ ਪਾਰ ਹੋ ਗਏ ਹਨ। ਹਾਲਾਂਕਿ ਇੱਥੇ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਘੱਟ ਮੌਤਾਂ ਹੋਈਆਂ ਹਨ, ਜਿਸ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। 

ਅਜਿਹੇ ਵਿਚ ਮਾਸਕੋ ਦੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਦੀ ਮੌਤ ਦਰ ਨੂੰ ਜਾਣ-ਬੁੱਝ ਕੇ ਘੱਟ ਦੱਸਣ ਵਾਲੀ ਮੀਡੀਆ ਰਿਪੋਰਟ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਹੈ, ਕਿ ਡਾਟਾ ਬਿਲਕੁਲ ਖੁੱਲ੍ਹਾ ਹੈ, ਹਾਲਾਂਕਿ ਵਿਭਾਗ ਨੇ ਇਹ ਸਵਿਕਾਰ ਕੀਤਾ ਹੈ ਕਿ ਉਹ ਸਿਰਫ ਉਨ੍ਹਾਂ ਮੌਤਾਂ ਨੂੰ ਗਿਣਦੇ ਹਨ, ਜਦੋਂ ਪੋਸਟ ਮਾਰਟਮ ਰਿਪੋਰਟ ਵਿਚ ਪਾਇਆ ਜਾਵੇ ਕਿ ਕਿਸੇ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। 

ਮਾਸਕੋ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਨੇ 100 ਫੀਸਦੀ ਸ਼ੱਕੀ ਕੋਰੋਨਾ ਵਾਇਰਸ ਪੀੜਤਾਂ ਦੀ ਜਾਂਚ ਕੀਤੀ ਅਤੇ ਪੁਸ਼ਟੀ ਕੀਤੀ ਕਿ ਅਪ੍ਰੈਲ ਵਿਚ 639 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ। ਵਿਭਾਗ ਨੇ ਕਿਹਾ ਕਿ ਹੋਰ ਮਾਮਲਿਆਂ ਵਿਚ ਕੋਰੋਨਾ ਨੂੰ ਹੀ ਮੌਤ ਦਾ ਕਾਰਨ ਮੰਨਣਾ ਅਸੰਭਵ ਹੈ। 60 ਫੀਸਦੀ ਤੋਂ ਵਧੇਰੇ ਸ਼ੱਕੀ ਮਾਮਲਿਆਂ ਵਿਚੋਂ ਮੌਤਾਂ ਦਿਲ ਦਾ ਦੌਰਾ ਪੈਣ, ਲਿਊਕੋਮੀਆ ਵਰਗੀਆਂ ਹੋਰ ਲਾਇਲਾਜ ਬੀਮਾਰੀਆਂ ਕਾਰਨ ਹੋਈਆਂ ਹਨ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਰੂਸ ਵਿਚ 2,62,843 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹਨ ਅਤੇ 2,418 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਬਾਕੀ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਣ ਕਾਰਨ ਰੂਸ 'ਤੇ ਸਵਾਲ ਚੁੱਕੇ ਜਾ ਰਹੇ ਹਨ।


Lalita Mam

Content Editor

Related News