ਮਲੇਸ਼ੀਆ ਦੇ ਖੋਜੀ ਦਾ ਕਮਾਲ, ਅਨਾਨਾਸ ਦੇ ਪੱਤਿਆਂ ਨਾਲ ਬਣਾਇਆ ਡਰੋਨ
Wednesday, Jan 06, 2021 - 06:02 PM (IST)
ਕੁਆਲ਼ਾਲੰਪੁਰ (ਬਿਊਰੋ): ਇਕ ਮਲੇਸ਼ੀਆਈ ਖੋਜੀ ਨੇ ਅਨਾਨਾਸ ਦੇ ਪੱਤਿਆਂ ਨਾਲ ਡਰੋਨ ਬਣਾਇਆ ਹੈ ਜੋ ਆਸਾਨੀ ਨਾਲ ਹਵਾ ਵਿਚ ਉੱਡਦਾ ਹੈ। ਤੁਸੀ ਸੋਚ ਰਹੇ ਹੋਵੋਗੇ ਕਿ ਅਨਾਨਾਸ ਜਿਹੇ ਫਲ ਦੇ ਪੱਤਿਆਂ ਨਾਲ ਡਰੋਨ ਕਿਵੇਂ ਬਣਾਇਆ ਜਾ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਮਲੇਸ਼ੀਆ ਦੇ ਇਕ ਯੂਨੀਵਰਸਿਟੀ ਵਿਚ ਪ੍ਰੋਫੈਸਰ ਮੁਹੰਮਦ ਤਾਰੀਕ ਹਮੀਦ ਸੁਲਤਾਨ ਨੇ ਅਨਾਨਾਸ ਦੇ ਪੱਤਿਆਂ ਨੂੰ ਫਾਇਬਰ ਵਿਚ ਬਦਲ ਕੇ ਇਹ ਕਾਰਨਾਮਾ ਕੀਤਾ ਹੈ।
ਮਲੇਸ਼ੀਆ ਦੀ ਪੁਤਰਾ ਯੂਨੀਵਰਸਿਟ ਵਿਚ ਪ੍ਰੋਫੈਸਰ ਮੁਹੰਮਦ ਤਾਰੀਕ ਹਮੀਦ ਸੁਲਤਾਨ ਦੀ ਪ੍ਰਧਾਨਗੀ ਵਿਚ ਕੁਆਲਾਲੰਪੁਰ ਤੋਂ ਲੱਗਭਗ 65 ਕਿਲੋਮੀਟਰ ਦੂਰ ਹੁਲੁ ਖੇਤਰ ਵਿਚ ਕਿਸਾਨਾਂ ਵੱਲੋਂ ਉਗਾਏ ਗਏ ਅਨਾਨਾਸ ਦੇ ਕਚਰਿਆਂ ਦੇ ਨਿਪਟਾਰੇ ਦਾ ਸਥਾਈ ਉਪਾਅ ਖੋਜਿਆ ਜਾ ਰਿਹਾ ਸੀ। ਇਸੇ ਦੌਰਾਨ ਉਹਨਾਂ ਨੂੰ ਇਸ ਸੰਬੰਧੀ ਆਈਡੀਆ ਮਿਲਿਆ। ਉਹਨਾਂ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਦੱਸਿਆ,''ਅਸੀ ਅਨਾਨਾਸ ਦੇ ਪੱਤਿਆਂ ਨੂੰ ਇਕ ਫਾਇਬਰ ਵਿਚ ਬਦਲ ਰਹੇ ਹਾਂ ਜੋ ਏਅਰੋਸਪੇਸ ਐਪਲੀਕੇਸ਼ਨ ਦੇ ਲਈ ਵਰਤੀ ਜਾ ਸਕਦੀ ਹੈ। ਇਸ ਨਾਲ ਇਕ ਡਰੋਨ ਦੀ ਕਾਢ ਕੱਢੀ ਗਈ ਹੈ।''
ਮੁਹੰਮਦ ਤਾਰੀਕ ਨੇ ਕਿਹਾ ਕਿ ਬਾਇਓ-ਕੰਪੋਜ਼ਿਟ ਸਮੱਗਰੀ ਨਾਲ ਬਣੇ ਡਰੋਨਾਂ ਵਿਚ ਸਿੰਥੇਟਿਕ ਫਾਇਬਰ ਨਾਲ ਬਣੇ ਵਜ਼ਨ ਦੀ ਤੁਲਨਾ ਵਿਚ ਉੱਚ ਸ਼ਕਤੀ ਅਤੇ ਭਾਰ ਲਿਜਾਣ ਦੀ ਸਮਰੱਥਾ ਹੈ। ਇਹ ਸਸਤਾ, ਹਲਕਾ ਅਤੇ ਸੌਖਾ ਵੀ ਹੈ।ਉਹਨਾਂ ਨੇ ਕਿਹਾ ਕਿ ਜੇਕਰ ਡਰੋਨ ਹਾਦਸਾਗ੍ਰਸਤ ਹੋ ਜਾਂਦਾ ਹੈ ਤਾਂ ਉਸ ਦਾ ਫ੍ਰੇਮ ਜ਼ਮੀਨ ਵਿਚ ਦਫਨ ਹੋ ਸਕਦਾ ਹੈ ਕਿਉਂਕਿ ਦੋ ਹਫਤੇ ਦੇ ਅੰਦਰ ਉਹ ਖਰਾਬ ਹੋ ਕੇ ਮਿੱਟੀ ਵਿਚ ਮਿਲ ਜਾਵੇਗਾ। ਪ੍ਰੋਫੈਸਰ ਨੇ ਦੱਸਿਆ ਕਿ ਪ੍ਰੋਟੋਟਾਇਪ ਡਰੋਨ ਲੱਗਭਗ 1000 ਮੀਟਰ (3,280 ਫੁੱਟ) ਦੀ ਉੱਚਾਈ ਤੱਕ ਉਡਾਣ ਭਰਨ ਅਤੇ ਲੱਗਭਗ 20 ਮਿੰਟ ਤੱਕ ਹਵਾ ਵਿਚ ਰਹਿਣ ਵਿਚ ਸਮਰੱਥ ਹੈ। ਪ੍ਰੋਫੈਸਰ ਤਾਰਿਕ ਨੇ ਕਿਹਾ ਕਿ ਹੁਣ ਖੋਜੀ ਟੀਮ ਖੇਤੀ ਉਦੇਸ਼ਾਂ ਅਤੇ ਹਵਾਈ ਨਿਰੀਖਣਾਂ ਦੇ ਲਈ ਇਮੇਜਰੀ ਸੈਂਸਰ ਸਮੇਤ ਵੱਡੇ ਪੇਲੋਡ ਨੂੰ ਲਿਜਾਣ ਵਿਚ ਸਮਰੱਥ ਵੱਡੇ ਡਰੋਨ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।