ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਮੋਦੀ-ਮਮਤਾ ਦਾ ਨਾਮ ਸ਼ਾਮਲ
Thursday, Sep 16, 2021 - 10:25 AM (IST)
ਨਿਊਯਾਰਕ (ਭਾਸ਼ਾ) : ਟਾਈਮ ਮੈਗਜ਼ੀਨ ਵੱਲੋਂ ਜਾਰੀ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਸ਼ਾਮਲ ਹਨ। ਟਾਈਮ ਨੇ ਬੁੱਧਵਾਰ ਨੂੰ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਆਪਣੀ ਸਾਲਾਨਾ ਸੂਚੀ ਦਾ ਖ਼ੁਲਾਸਾ ਕੀਤਾ। ਨੇਤਾਵਾਂ ਦੀ ਇਸ ਗਲੋਬਲ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਡਿਊਕ ਅਤੇ ਡਚੇਸ ਆਫ਼ ਸੁਸੇਕਸ ਪ੍ਰਿੰਸ ਹੈਰੀ ਅਤੇ ਮੇਗਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਹਨ।
ਇਹ ਵੀ ਪੜ੍ਹੋ: ਅਫ਼ਗਾਨੀ ਔਰਤਾਂ ਕਰਨਾ ਚਾਹੁੰਦੀਆਂ ਹਨ ਨੌਕਰੀ, ਦਫ਼ਤਰ ਆਉਣ ਤੋਂ ਰੋਕ ਰਿਹੈ ਤਾਲਿਬਾਨ
‘ਟਾਈਮ’ ਵੱਲੋਂ ਦਿੱਤੀ ਗਈ ਮੋਦੀ ਦੀ ਜਾਣ-ਪਛਾਣ ਵਿਚ ਕਿਹਾ ਗਿਆ ਹੈ ਕਿ ਇਕ ਸੁਤੰਤਰ ਰਾਸ਼ਟਰ ਦੇ ਰੂਪ ਵਿਚ ਭਾਰਤ ਦੇ 74 ਸਾਲਾਂ ਵਿਚ 3 ਮੁੱਖ ਨੇਤਾ ਰਹੇ ਹਨ- ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਨਰਿੰਦਰ ਮੋਦੀ। ਨਰਿੰਦਰ ਮੋਦੀ ਤੀਜੇ ਨੇਤਾ ਹਨ ਜੋ ਦੇਸ਼ ਦੀ ਰਾਜਨੀਤੀ ਵਿਚ ਪ੍ਰਭਾਵੀ ਹਨ। ਇਹ ਜਾਣ-ਪਛਾਣ ਸੀ.ਐਨ.ਐਨ. ਦੇ ਪੱਤਰਕਾਰ ਫਰੀਦ ਜਕਾਰੀਆ ਨੇ ਲਿਖੀ ਹੈ। ਬੈਨਰਜੀ ਵੀ ਇਸ ਸੂਚੀ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਦੀ ਜਾਣ-ਪਛਾਣ ਵਿਚ ਕਿਹਾ ਗਿਆ ਹੈ, ‘ਉਹ ਆਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਹੀ ਨਹੀਂ ਕਰਦੀ ਹੈ ਸਗੋਂ ਉਹ ਖ਼ੁਦ ਪਾਰਟੀ ਹੈ। ਸੜਕ ’ਤੇ ਉਤਰ ਕੇ ਜੁਝਾਰੂ ਤੇਵਰ ਦਿਖਾਉਣ ਵਾਲੀ ਭਾਵਨਾ ਅਤੇ ਪੁਰਸ਼ ਪ੍ਰਧਾਨ ਸੱਭਿਆਚਾਰ ਵਿਚ ਸਵੈ-ਨਿਰਮਿਤ ਜੀਵਨ ਉਨ੍ਹਾਂ ਨੂੰ ਹੋਰਾਂ ਤੋਂ ਵੱਖ ਬਣਾਉਂਦਾ ਹੈ।’
ਪੂਨਾਵਾਲਾ ਦੀ ਜਾਣ-ਪਛਾਣ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਦੁਨੀਆ ਦੇ ਸਭ ਤੋਂ ਵੱਡੇ ਟੀਕਾ ਨਿਰਮਾਤਾ ਦੇ 40 ਸਾਲਾ ਮੁਖੀ ਨੇ ਇਸ ਪਲ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਚ ਕਿਹਾ ਗਿਆ, ‘ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਪੂਨਾਵਾਲਾ ਅਜੇ ਵੀ ਇਸ ਨੂੰ ਸਮਾਪਤ ਕਰਨ ਵਿਚ ਮਦਦ ਕਰ ਸਕਦੇ ਹਨ। ਟੀਕਾ ਅਸਮਾਨਤਾ ਗੰਭੀਰ ਹੈ ਅਤੇ ਦੁਨੀਆ ਦੇ ਇਕ ਹਿੱਸੇ ਵਿਚ ਟੀਕਾਕਰਨ ਵਿਚ ਦੇਰੀ ਦੇ ਵਿਸ਼ਵਵਿਆਪੀ ਨਤੀਜੇ ਹੋ ਸਕਦੇ ਹਨ- ਜਿਸ ਵਿਚ ਹੋਰ ਜ਼ਿਆਦਾ ਖ਼ਤਰਨਾਕ ਰੂਪਾਂ ਦੇ ਉਭਰਨ ਦਾ ਖ਼ਤਰਾ ਵੀ ਸ਼ਾਮਲ ਹੈ।’ ਤਾਲਿਬਾਨ ਦੇ ਸਹਿ-ਸੰਸਥਾਪਕ ਬਰਾਦਰ ਦੀ ਜਾਣ-ਪਛਾਣ ਦਿੰਦੇ ਹੋਏ ਉਨ੍ਹਾਂ ਨੂੰ ਅਜਿਹਾ ਸ਼ਾਂਤ, ਰਹੱਸਮਈ ਵਿਅਕਤੀ ਦੱਸਿਆ, ਜੋ ਸ਼ਾਇਦ ਹੀ ਕਦੇ ਜਨਤਕ ਬਿਆਨ ਜਾਂ ਇੰਟਰਵਿਊ ਦਿੰਦਾ ਹੋਵੇ।
ਇਹ ਵੀ ਪੜ੍ਹੋ: ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ
ਜ਼ਿਕਰਯੋਗ ਹੈ ਕਿ 'ਟਾਈਮ' ਮੈਗਜ਼ੀਨ ਦੀ ਇਹ ਸੂਚੀ ਸਭ ਤੋਂ ਭਰੋਸੇਯੋਗ ਸੂਚੀ ਮੰਨੀ ਜਾਂਦੀ ਹੈ। ਮੈਗਜ਼ੀਨ ਦੇ ਸੰਪਾਦਕ ਇਸ ਸੂਚੀ ਨੂੰ ਤਿਆਰ ਕਰਨ ਲਈ ਸਖਤ ਮਿਹਨਤ ਕਰਦੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ, ਉਨ੍ਹਾਂ ਦੇ ਉੱਤਮ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਨਮਾਨ ਦਿੱਤਾ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।